ਜ਼ੀਰਾ ਸ਼ਰਾਬ ਫੈਕਟਰੀ

ਪ੍ਰਦੂਸ਼ਣ ਦਾ ਗੜ੍ਹ ਬਣੀ ਜ਼ੀਰਾ ਸ਼ਰਾਬ ਫੈਕਟਰੀ ਵਿਰੁੱਧ ਹੱਕੀ ਧਰਨੇ ਨੂੰ ਪੁਲਿਸ ਧੱਕੇ ਨਾਲ ਉਠਾਉਣ ਦੀ ਕਵਾਇਦ ਦਾ BKU ਏਕਤਾ-ਉਗਰਾਹਾਂ ਵੱਲੋਂ ਤਿੱਖਾ ਵਿਰੋਧ

ਚੰਡੀਗੜ੍ਹ 16 ਦਸੰਬਰ 2022: ਜ਼ੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਸ਼ਰਾਬ ਫੈਕਟਰੀ ਦੇ ਗੇਟ ਅੱਗੇ ਇਲਾਕੇ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਦੁਆਰਾ ਪੰਜ ਮਹੀਨਿਆਂ ਤੋਂ ਚੱਲ ਰਹੇ ਹੱਕੀ ਸ਼ਾਂਤਮਈ ਧਰਨੇ ਨੂੰ ਫਿਰੋਜ਼ਪੁਰ ਪੁਲਿਸ ਦੁਆਰਾ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਧੱਕੇ ਨਾਲ ਉਠਾਉਣ ਦੀ ਕਵਾਇਦ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਤਿੱਖਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਫੈਕਟਰੀ ਦਾ ਮੌਜੂਦਾ ਮਾਲਕ ਦੀਪ ਮਲਹੋਤਰਾ ਹਕੂਮਤੀ ਪਾਰਟੀ ਆਪ ਦਾ ਆਗੂ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਉਸਦੀ ਸ਼ਰਾਬ ਫੈਕਟਰੀ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਜਿਹੜੀ ਸਰਕਾਰ ਲੋਕ ਹਿੱਤਾਂ ਦੇ ਅਦਾਲਤੀ ਫ਼ੈਸਲਿਆਂ ‘ਤੇ ਅਮਲ ਕਰਨ ‘ਚ ਘੇਸਲ ਵੱਟ ਜਾਂਦੀ ਹੈ ਉਸਨੇ ਇਸ ਮਾਮਲੇ ਵਿੱਚ ਅਦਾਲਤੀ ਫੈਸਲੇ ‘ਤੇ ਤੁਰੰਤ ਅਮਲ ਕਰਦਿਆਂ ਉਸਨੂੰ 20 ਕ੍ਰੋੜ ਰੁਪਏ ਮੁਆਵਜ਼ਾ ਵੀ ਦੇ ਦਿੱਤਾ ਹੈ। ਸਰਕਾਰ ਦਾ ਵੱਡੇ ਸਰਮਾਏਦਾਰਾਂ ਕਾਰਪੋਰੇਟਾਂ ਪ੍ਰਤੀ ਹੇਜ ਡੁੱਲ੍ਹ ਡੁੱਲ੍ਹ ਪੈਂਦਾ ਹੈ। ਸਾਲਾਂ ਬੱਧੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਿਤ ਪਾਣੀ ਧਰਤੀ ਵਿੱਚ ਸੁੱਟਣ ਦੇ ਨਤੀਜੇ ਵਜੋਂ ਜ਼ੀਰਾ ਸ਼ਹਿਰ ਸਮੇਤ ਦੂਰ ਦੂਰ ਦੇ ਪਿੰਡਾਂ ਤੱਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਮਰੀਜ਼ ਮੌਤ ਨਾਲ ਘੁਲਦੇ ਲਗਾਤਾਰ ਜਾਨਾਂ ਤੋਂ ਹੱਥ ਧੋ ਰਹੇ ਹਨ, ਜਿਸਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ।

ਕਿਸਾਨ ਆਗੂਆਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੀ ਜਥੇਬੰਦੀ ਦੇ ਵਫਦ ਨਾਲ 7 ਅਕਤੂਬਰ ਨੂੰ ਕੀਤੀ ਗਈ ਚੰਡੀਗੜ੍ਹ ਮੀਟਿੰਗ ਦੌਰਾਨ ਮਸਲੇ ਦਾ ਨਿਪਟਾਰਾ ਲੋਕ ਰਜ਼ਾ ਅਨੁਸਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਮਗਰੋਂ 28 ਅਕਤੂਬਰ ਨੂੰ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਪਟਿਆਲਾ ਵਿਖੇ ਕੀਤੀ ਗਈ ਮੀਟਿੰਗ ਸਮੇਂ ਇਸ ਭਰੋਸੇ ਉੱਤੇ ਜਲਦੀ ਅਮਲ ਕਰਨ ਦਾ ਲਿਖਤੀ ਵਾਅਦਾ ਕੀਤਾ ਗਿਆ ਸੀ। ਇਸ ਤਰ੍ਹਾਂ ਖੁੱਲ੍ਹੇਆਮ ਵਾਅਦਾ-ਖਿਲਾਫੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕਿਸੇ ਵੀ ਤਰ੍ਹਾਂ ਦੀ ਜਾਬਰ ਕਾਰਵਾਈ ਦਾ ਸਾਹਮਣਾ ਸਬਰ ਸਿਦਕ ਨਾਲ ਕਰਦਿਆਂ ਸਾਂਝੀ ਸੰਘਰਸ਼ ਕਮੇਟੀ ਦੁਆਰਾ ਇਸਦਾ ਜਨਤਕ ਰੂਪ ‘ਚ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਮਸਲੇ ਦਾ ਤਸੱਲੀਬਖ਼ਸ਼ ਹੱਲ ਹੋਣ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਲੋੜ ਅਨੁਸਾਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਤੇ ਆਮ ਲੋਕਾਂ ਨੂੰ ਤੁਰੰਤ ਕਾਫਲੇ ਬੰਨ੍ਹ ਕੇ ਪ੍ਰਵਾਰਾਂ ਸਮੇਤ ਧਰਨੇ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

Scroll to Top