Site icon TheUnmute.com

BKU ਏਕਤਾ ਉਗਰਾਹਾਂ ਵੱਲੋਂ 13 ਫਰਵਰੀ ਨੂੰ ਜ਼ਿਲ੍ਹਾ ਕੇਂਦਰਾਂ ‘ਤੇ ਧਰਨਿਆਂ ਦਾ ਐਲਾਨ

BKU Ekta Ugrahan

ਚੰਡੀਗੜ੍ਹ, 8 ਫਰਵਰੀ, 2023: ਬੀਤੇ ਦਿਨ ਦਾਣਾ ਮੰਡੀ ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) (BKU Ekta Ugrahan) ਵੱਲੋਂ “ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ” ਵਿਸ਼ੇ ‘ਤੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਖਾਲਿਸਤਾਨੀ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਲਈ 13 ਫਰਵਰੀ ਨੂੰ ਜ਼ਿਲ੍ਹਾ ਕੇਦਰਾਂ ‘ਤੇ ਧਰਨੇ ਲਾ ਕੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਗਿਆ। ਕਨਵੈਨਸ਼ਨ ਵਿੱਚ ਔਰਤਾਂ ਸਮੇਤ ਜੱਥੇਬੰਦੀ ਦੀਆਂ ਹਰ ਪੱਧਰ ਦੀਆਂ ਆਗੂ ਪਰਤਾਂ ਨੇ ਹਜ਼ਾਰ ਤੋਂ ਕਾਫੀ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਇਸ ਮੁੱਦੇ ਤੇ ਵੱਖ-ਵੱਖ ਪਹਿਲੂਆਂ ਨੂੰ ਚਰਚਾ ਅਧੀਨ ਲਿਆਂਦਾ।

ਸਭ ਤੋਂ ਪਹਿਲਾਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਮਹੂਰੀ ਹੱਕਾਂ ਦੀ ਕਾਰਕੁੰਨ ਡਾ: ਨਵਸ਼ਰਨ ਨੇ ਕਿਹਾ ਕਿ ਦੇਸ਼ ਭਰ ਦੀਆਂ ਜੇਲ੍ਹਾਂ ‘ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਬਹੁਤ ਵੱਡੀ ਗਿਣਤੀ ਮੌਜੂਦ ਹੈ, ਜਿੰਨਾਂ ਨੂੰ ਰਿਹਾਅ ਨਾ ਕਰਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਹਨਾਂ ‘ਚ ਖਾਲਸਿਤਾਨੀ ਕੈਦੀਆਂ ਸਮੇਤ ਦਲਿਤ, ਆਦਿਵਾਸੀ, ਮੁਸਲਮਾਨ ਤੇ ਸਮਾਜ ਦੇ ਹੋਰ ਦੱਬੇ ਕੁਚਲੇ ਲੋਕ ਸ਼ਾਮਲ ਹਨ। ਉਹਨਾਂ ਭਾਰਤੀ ਨਿਆਂ ਪ੍ਰਬੰਧ ਵੱਲੋਂ ਹੁੰਦੀ ਬੇ-ਇਨਸਾਫ਼ੀ ਦੀ ਤਸਵੀਰ ਪੇਸ਼ ਕੀਤੀ ਤੇ ਇਸਨੂੰ ਮੁਲਕ ਵਿਆਪੀ ਜਮਹੂਰੀ ਹੱਕਾਂ ਦਾ ਮੁੱਦਾ ਕਰਾਰ ਦਿੰਦਿਆਂ ਇਸ ਮਸਲੇ ‘ਤੇ ਵਿਸ਼ਾਲ ਜਮਹੂਰੀ ਸ਼ੰਘਰਸ਼ ਦੀ ਲੋੜ ਨੂੰ ਉਭਾਰਿਆ।

ਐਡਵੋਕੇਟ ਐਨ.ਕੇ. ਜੀਤ ਨੇ ਮੁਲਕ ਦੇ ਕੈਦੀਆਂ ਦੇ ਪ੍ਰਸੰਗ ‘ਚ ਖਾਲਿਸਤਾਨੀ ਕੈਦੀਆਂ ਦੇ ਕੇਸਾਂ ਬਾਰੇ ਵਿਸਥਾਰ ‘ਚ ਚਰਚਾ ਕੀਤੀ ਅਤੇ ਇਹਨਾਂ ਕੇਸਾਂ ‘ਚ ਮੌਜੂਦ ਬੇ-ਇਨਸਾਫ਼ੀ ਦੇ ਪੱਖਾਂ ਨੂੰ ਦਰਸਾਇਆ। ਉਹਨਾਂ ਕਿਹਾ ਕਿ ਫਿਰਕੂ ਕਤਲਾਂ ਦੇ ਦੋਸ਼ੀ ਖਾਲਿਸਤਾਨੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਲਈ ਅਵਾਜ਼ ਉਠਾਉਣਾ ਵੀ ਸਭਨਾਂ ਜਮਹੂਰੀ ਤਾਕਤਾਂ ਦਾ ਸਾਂਝਾ ਕਾਰਜ ਹੈ।

ਉਹਨਾਂ 80ਵਿਆਂ ਦੀ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ‘ਚ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਘਾਲ਼ੀ ਗਈ ਘਾਲਣਾ ਦੀ ਚਰਚਾ ਕੀਤੀ ਤੇ ਇਸ ਦੋ-ਮੂੰਹੀ ਦਹਿਸ਼ਤਗਰਦੀ ਖ਼ਿਲਾਫ ਜੂਝਦੀ ਰਹੀ ਪੰਜਾਬ ਦੀ ਜਮਹੂਰੀ ਲਹਿਰ ਵੱਲੋਂ ਖਾਲਿਸਤਾਨੀ ਦਹਿਸ਼ਗਰਦਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੀਤੇ ਜਾਂਦੇ ਵਿਰੋਧ ਦੇ ਖਰੇ-ਜਮਹੂਰੀ ਪੈਂਤੜੇ ਨੂੰ ਚਿਤਾਰਿਆ।

ਜਥੇਬੰਦੀ (BKU Ekta Ugrahan) ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜੱਥੇਬੰਦੀ ਖਾਲਿਸਤਾਨੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਮੁਲਕ ਭਰ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਜਾਤਾਂ, ਧਰਮਾਂ ਤੇ ਇਲਾਕਿਆਂ ਦੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਪ੍ਰਸੰਗ ‘ਚ ਦੇਖਦੀ ਹੈ ਤੇ ਇਸ ਮੰਗ ਨੂੰ ਸੌੜੇ ਧਾਰਮਿਕ ਅਤੇ ਫਿਰਕੂ ਪੈਂਤੜੇ ਦੀ ਥਾਂ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਉਠਾਉਣ ਦੀ ਪੱਕੀ ਧਾਰਨੀ ਹੈ।

ਉਹਨਾਂ ਨੇ ਜਥੇਬੰਦੀ ਵੱਲੋਂ ਸੂਬੇ ਦੀਆਂ ਸਭਨਾਂ ਜਮਹੂਰੀ ਸ਼ਕਤੀਆਂ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਾਬਰ ਤਾਨਾਸ਼ਾਹ ਭਾਰਤੀ ਰਾਜ ਦੁਆਰਾ ਧਾਰਮਿਕ ਘੱਟ ਗਿਣਤੀਆਂ, ਦਬਾਈਆਂ ਕੌਮਾਂ, ਅਖੌਤੀ ਨੀਵੀਆਂ ਜਾਤੀਆਂ ਸਮੇਤ ਸਭਨਾਂ ਮਿਹਨਤਕਸ਼ ਲੋਕਾਂ ਦੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੇ ਦਮਨ ਖਿਲਾਫ਼ ਸਾਂਝੀ ਲੋਕ ਲਹਿਰ ਉਸਾਰਨ ਦੇ ਰਾਹ ਪੈਣ ਤੇ ਇਸ ਮੰਗ ਨੂੰ ਵੀ ਵਡੇਰੇ ਜਮਹੂਰੀ ਸਰੋਕਾਰਾਂ ਦੇ ਨਜ਼ਰੀਏ ਤੋਂ ਹੱਥ ਲੈ ਕੇ ਲੰਮੇ ਤੇ ਵਿਸ਼ਾਲ ਸੰਘਰਸ਼ ‘ਚ ਕੁੱਦਣ। ਜੱਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਖਾਲਿਸਤਾਨੀ ਕੈਦੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਬਾਰੇ ਮਤਾ ਪੇਸ਼ ਕੀਤਾ ਜਿਸਨੂੰ ਸਾਰੇ ਹੀ ਇੱਕਠ ਨੇ ਸਰਬਸੰਮਤੀ ਨਾਲ ਪਾਸ ਕੀਤਾ।

ਅਖੀਰ ‘ਤੇ ਜੱਥੇਬੰਦੀ (BKU Ekta Ugrahan) ਦੇ ਸੂਬਾਈ ਪ੍ਰਧਾਨ ਨੇ ਆਏ ਹੋਏ ਕਾਰਕੁੰਨਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਸ ਮੰਗ ਲਈ 13 ਫਰਵਰੀ ਨੂੰ ਜਿਲ੍ਹਾ ਪੱਧਰਾਂ ‘ਤੇ ਧਰਨਿਆਂ ਦਾ ਐਲਾਨ ਕਰਦਿਆਂ ਵੱਡੀ ਗਿਣਤੀ ‘ਚ ਜਿਲ੍ਹਾ ਹੈਡਕੁਆਟਰਾਂ ‘ਤੇ ਪੁੱਜਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੱਥੇਬੰਦੀ ਪਹਿਲਾਂ ਵੀ ਵੱਖ-ਵੱਖ ਸਰਗਰਮੀਆਂ ‘ਚ ਇਹ ਮੰਗ ਰੱਖਦੀ ਆ ਰਹੀ ਹੈ ਤੇ ਹੁਣ ਇਸ ਮਸਲੇ ‘ਤੇ ਸਰਗਰਮ ਸ਼ੰਘਰਸ਼ ਕਰਨ ਜਾ ਰਹੀ ਹੈ। ਕਨਵੈਨਸ਼ਨ ਦਾ ਮੰਚ ਸੰਚਾਲਨ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕੀਤਾ।

ਬਠਿੰਡੇ ਦਾਣਾ ਮੰਡੀ ਵਿਖੇ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਸਜਾਵਾਂ ਪੂਰੀਆਂ ਕੇ ਚੁਕੇ ਸਾਰੇ ਕੈਦੀਆਂ ਦੀ ਰਿਹਾਈ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਤੇ ਕਨਵੈਸ਼ਨ ਕਰਵਾਈ। ਜਿਸ ਚ ਡਾ. ਨਵਸ਼ਰਨ ਅਤੇ ਐਡਵੋਕੇਟ ਐਨ ਕੇ ਜੀਤ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਭਾਰਤੀ ਨਿਆਂ ਪ੍ਰਬੰਧ ਵੱਲੋਂ ਮੁਲਕ ਦੇ ਹਰ ਤਰਾਂ ਦੇ ਲੋਕਾਂ ਨਾਲ ਬੇ ਇਨਸਾਫ਼ੀ ਹੁੰਦੀ ਹੈ ਅਤੇ ਦੇਸ਼ ਭਰ ਚ ਵੱਡੀ ਗਿਣਤੀ ਸਜਾਵਾਂ ਪੂਰੀਆਂ ਕਰ ਚੁਕੀ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੀ ਜਾ ਰਹੀ , ਕਿਉਕਿ ਕਿਸ ਨੂੰ ਰਿਹਾ ਕਰਨਾ ਕਿਸਨੂੰ ਪੈਰੋਲ ਦੇਣੀ ਇਹ ਸਭ ਹਕੂਮਤ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਦੇ ਹਿਸਾਬ ਤੇ ਨਿਰਭਰ ਹੁੰਦਾ। ਅਖੀਰ ਚ ਖਾਲਿਸਤਾਨੀ ਕੈਦੀਆਂ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਬਾਰੇ ਪੇਸ਼ ਮਤੇ ਨੂੰ ਇਕੱਠ ਨੇ ਸਰਬਸੰਮਤੀ ਨਾਲ ਪਾਸ ਕੀਤਾ।

Exit mobile version