July 6, 2024 11:40 pm
Captain Amarinder Singh

ਪੰਜਾਬ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦੇ ਸਮਾਨਾਂਤਰ ਭਾਜਪਾ ਕਰੇਗੀ ਜਨਤਕ ਇਜਲਾਸ: ਅਸ਼ਵਨੀ ਕੁਮਾਰ ਸ਼ਰਮਾ

ਚੰਡੀਗੜ੍ਹ 26 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਪੁੱਜੇ, ਜਿੱਥੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਦਾ ਫੁਲਾਂ ਦੇ ਗੁਲਦਸਤਾ ਅਤੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਕੈਪਟਨ ਨੇ ਸਵੇਰੇ 10:00 ਵਜੇ ਪਾਰਟੀ ਹੈੱਡਕੁਆਰਟਰ ‘ਤੇ ਪਹੁੰਚ ਕੇ ਪੂਰਾ ਦਿਨ ਪਾਰਟੀ ਹੈੱਡਕੁਆਰਟਰ ‘ਤੇ ਬਿਤਾਇਆ ਅਤੇ ਸੂਬਾ ਕੋਰ ਕਮੇਟੀ ਸੂਬਾਈ ਅਧਿਕਾਰੀਆਂ ਨਾਲ ਵਖ-ਵਖ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੂਬਾ ਸੰਗਠਨ ਜਨਰਲ ਸਕੱਤਰ ਮੰਤਰੀ ਨਿਵਾਸਲੁ ਵੀ ਮੌਜੂਦ ਸਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਂਝੇ ਤੌਰ ‘ਤੇ ਪ੍ਰੈੱਸ ਕਾਨਫਰੰਸ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਪਾਰਟੀ ‘ਚ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਆਗੂ ਨੂੰ ਕਾਂਗਰਸ ‘ਚ ਵਿਰੋਧੀ ਆਗੂ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਕਿਸੇ ਦੀ ਵੀ ਪਿੱਠ ‘ਤੇ ਛੁਰਾ ਮਾਰ ਦਿੰਦੇ ਹਨ ਅਤੇ ਇਹ ਉਥੇ ਆਮ ਗੱਲ ਹੈ।

ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਨੂੰ ਮਿਲਣ ਦੇ ਮੁੱਦੇ ਨੂੰ ਵੀ ਕਾਂਗਰਸ ਵੱਲੋਂ ਉਨ੍ਹਾਂ ਖਿਲਾਫ ਮੁੱਦਾ ਬਣਾਇਆ ਗਿਆ। ਜਿਸ ਕਾਰਨ ਮੈਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਭਾਜਪਾ ਦੀ ਦੇਸ਼ ਭਗਤੀ ਤੋਂ ਪ੍ਰਭਾਵਿਤ ਹੋ ਕੇ ਅਤੇ ਦੇਸ਼ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਕੈਪਟਨ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ 6 ਮਹੀਨਿਆਂ ਵਿੱਚ ਹੀ ਆਪਣੀ ਸਰਕਾਰ ‘ਤੇ ਨੋਮੋਸ਼ਨ ਲਿਆਉਂਦਾ ਹੈ ਤਾਂ ਉਸ ਸਰਕਾਰ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੋਈ ਨਹੀਂ! ਪੰਜਾਬ ‘ਚ 117 ‘ਚੋਂ 92 ਵਿਧਾਇਕ ‘ਆਪ’ ਸਰਕਾਰ ਦੇ ਹਨ ਅਤੇ ਅਜਿਹੇ ‘ਚ ਪੰਜਾਬ ਸਰਕਾਰ ਲਈ ਅਜਿਹਾ ਮਤਾ ਲਿਆਉਣਾ ਡੁੱਬ ਮਰਣ ਵਾਲੀ ਗੱਲ ਹੈ।

ਇਹ ਸਭ ਕੁਝ ਰਾਘਵ ਚੱਢਾ ਦੇ ਇਸ਼ਾਰੇ ‘ਤੇ ਹੋ ਰਿਹਾ ਹੈ, ਜਿਸ ਨੂੰ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ‘ਤੇ ਬਿਠਾਇਆ ਹੈ। ਮੁੱਖ ਮੰਤਰੀ ਦਾ ਕੰਮ ਹੈ ਪੰਜਾਬ ਦੇ ਹਿੱਤ ‘ਚ ਖੁਦ ਫੈਸਲੇ ਲੈਣ, ਪਰ ਭਗਵੰਤ ਮਾਨ ਹਰ ਕੰਮ ਕਰਨ ਤੋਂ ਪਹਿਲਾਂ ਇਜਾਜ਼ਤ ਲੈਣ ਲਈ ਦਿੱਲੀ ਪੁੱਜ ਜਾਂਦੇ ਹਨ। ਭਗਵੰਤ ਮਾਨ ਨੇ ਜਰਮਨੀ ਵਿੱਚ ਕੀ ਕੀਤਾ, ਉਹ ਸਭ ਨੂੰ ਪਤਾ ਹੈ। ਪੰਜਾਬ ਦੇ ਬਹਾਦਰਾਂ ਦਾ ਖੂਨ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਡੁਲਿਆ ਹੈ।

ਇਸੇ ਕਰਕੇ ਸਾਰੀ ਦੁਨੀਆਂ ਪੰਜਾਬ ਅਤੇ ਪੰਜਾਬੀਆਂ ਨੂੰ ਬੜੀ ਚੰਗੀ ਤਰਾਂ ਜਾਣਦੀ ਹੈ। ਪੰਜਾਬ ‘ਚ ‘ਆਪ’ ਸਰਕਾਰ ਵੱਲੋਂ ਫੈਲਾਈ ਗਈ ਅਰਾਜਕਤਾ ‘ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ‘ਆਪ’ ਸਰਕਾਰ ਦਾ ਹੱਥ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਮਿਲਿਆ ਹੋਇਆ ਹੈ ਅਤੇ ਬਰੈਂਪਟਨ ਫੇਰੀ ਦੌਰਾਨ ਪੰਨੂ ਆਪਣੇ ਸਮਰਥਕਾਂ ਨਾਲ ਉੱਥੇ ਪੁੱਜਿਆ ਸੀ ਅਤੇ ਅੱਜ ਉਸੇ ਪੰਨੂ ਦੀ ਅਗਵਾਈ ‘ਚ ਕੈਨੇਡਾ ‘ਚ ਖਾਲਿਸਤਾਨ ਬਾਰੇ ਕੀਤੀ ਰਾਏਸ਼ੁਮਾਰੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਲੋਕ ਦੁਨੀਆਂ ਭਰ ਵਿੱਚ ਫੈਲੇ ਹੋਏ ਹਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।

ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੀਤੇ ਕੰਮਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਕੈਪਟਨ ਨੇ ਪੰਜਾਬ ਵਿੱਚ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਸੱਦਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਭਾਜਪਾ ਅਤੇ ਪੰਜਾਬ ਦੇ ਲੋਕਾਂ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਪੰਜਾਬ ਦੇ ਨੌਜਵਾਨਾਂ ਲਈ ਰੋਲ ਮਾਡਲ ਹਨ,  ਜੋ ਕਿ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ।

ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਅਤੇ ਸਿਆਸੀ ਸਫ਼ਰ ਤੋਂ ਭਲੀ-ਭਾਂਤ ਜਾਣੂ ਹਾਂ। ਕੈਪਟਨ ਪੰਜਾਬ,  ਪੰਜਾਬੀਆਂ,  ਪੰਜਾਬ ਦੀ ਅਮਨ-ਸ਼ਾਂਤੀ ਅਤੇ ਸੁਰੱਖਿਆ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਨਹੀਂ ਦੇ ਰਹੀ।

‘ਆਪ’ ਸਰਕਾਰ ਪੰਜਾਬ ‘ਚ ਜਿਨ੍ਹਾਂ ਗਾਰੰਟੀਆਂ ਦੇ ਦਮ ‘ਤੇ ਸੱਤਾ ‘ਚ ਆਈ ਸੀ,  ਉਨ੍ਹਾਂ ‘ਤੇ ਚਰਚਾ ਕਰਨ ਤੋਂ ਵੀ ਭੱਜ ਰਹੀ ਹੈ। ਪੰਜਾਬ ਦੀ ਕਾਨੂੰਨ ਵਿਵਸਥਾ,  ਕਿਸਾਨਾਂ ਦੀ ਦੁਰਦਸ਼ਾ ਵਰਗੇ ਕਈ ਮੁੱਦਿਆਂ ‘ਤੇ ਪੰਜਾਬ ਦੇ ਲੋਕ ਜਵਾਬ ਮੰਗ ਰਹੇ ਹਨ। ਮਾਨ ਸਰਕਾਰ ਪਿਛਲੇ 15 ਦਿਨਾਂ ਤੋਂ ਦਿੱਲੀ ਦੀਆਂ ਚਾਲਾਂ ਪੰਜਾਬ ਵਿੱਚ ਲਿਆ ਕੇ ਪੰਜਾਬ ਵਿੱਚ ਝੂਠ ਫੈਲਾ ਰਹੀ ਹੈ ਕਿ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦ ਰਹੀ ਹੈ। ਭਾਜਪਾ ਨੇ ਪਿਛਲੇ ਦਿਨੀਂ ਸਪੱਸ਼ਟ ਕਿਹਾ ਹੈ ਕਿ ‘ਆਪਰੇਸ਼ਨ ਲੋਟਸ’ ‘ਤੇ ਜੋ ‘ਆਪ’ ਵਿਧਾਇਕ ਝੂਠ ਬੋਲ ਰਹੇ ਹਨ,  ਉਸ ਦੀ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਪਿੱਛੇ ਦੀ ਸੱਚਾਈ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਰੂਪ ‘ਚ ਸਾਹਮਣੇ ਆਵੇਗੀ। ਦਰਅਸਲ ਭਗਵੰਤ ਮਾਨ ਨੂੰ ਹਟਾਉਣ ਲਈ ਕੇਜਰੀਵਾਲ ਵੱਲੋਂ ਆਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ।

ਮਾਨਯੋਗ ਰਾਜਪਾਲ ਵੱਲੋਂ ਭਗਵੰਤ ਮਾਨ ਵੱਲੋਂ ਬੁਲਾਏ ਇਜਲਾਸ ਨੂੰ ਰੱਦ ਕਰਨਾ ਸੰਵਿਧਾਨਕ ਅਧਿਕਾਰ ਹੈ ਅਤੇ ਰਾਜਪਾਲ ਵੱਲੋਂ ਮੁੱਖ ਮੰਤਰੀ ਤੋਂ ਮੰਗੀ ਗਈ ਜਾਣਕਾਰੀ ਵੀ ਸੰਵਿਧਾਨ ਤਹਿਤ ਹੈ। ਮਾਨ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਗਲਤ ਟਿੱਪਣੀਆਂ ਬਹੁਤ ਮੰਦਭਾਗੀਆਂ ਹਨ। ਇਹ ਲੋਕ ਆਪਣੇ ਆਕਾਵਾਂ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੇ ਸਨ,  ਪਰ ਰਾਜਪਾਲ ਵੱਲੋਂ ਸੈਸ਼ਨ ਰੱਦ ਕਰਨ ਦੇ ਹੁਕਮਾਂ ਕਾਰਨ ਇਨ੍ਹਾਂ ਦੀ ਸਾਰੀ ਖੇਡ ਵਿਗੜ ਗਈ।

‘ਆਪ’ ਸਰਕਾਰ ਦੇ ਥੈਲੇ ‘ਚੋਂ ਬਿੱਲੀ ਉਦੋਂ ਬਾਹਰ ਆ ਗਈ ਜਦੋਂ ਰਾਜਪਾਲ ਨੇ ਸੈਸ਼ਨ ਦੀ ਕਾਰਵਾਈ ਬਾਰੇ ਪੁੱਛਿਆ ਤਾਂ ਸਭ ਨੂੰ ਪਤਾ ਲੱਗ ਗਿਆ ਕਿ ਸੰਵਿਧਾਨ ਅਤੇ ਇਸ ਦੀਆਂ ਸੀਮਾਵਾਂ ਨੂੰ ਤੋੜਨ ‘ਚ ‘ਆਪ’ ਸਰਕਾਰ ਵਰਗੀ ਕੋਈ ਹੋਰ ਨਹੀਂ ਹੈ। ਵਿਧਾਨ ਸਭਾ ਦਾ ਪਵਿੱਤਰ ਸਦਨ ਲੋਕਾਂ ਦੇ ਮਸਲੇ ਹੱਲ ਕਰਨ ਲਈ ਹੈ।

ਭਾਰਤੀ ਜਨਤਾ ਪਾਰਟੀ ਵੱਲੋਂ ਭਲਕੇ ਵਿਧਾਨ ਸਭਾ ਸੈਸ਼ਨ ਦੇ ਸਮਾਨਾਂਤਰ ਇੱਕ ਜਨਤਕ ਇਜਲਾਸ ਬੁਲਾਇਆ ਜਾਵੇਗਾ,  ਜਿਸ ਵਿੱਚ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਵਿੱਚ ਭਗਵੰਤ ਮਾਨ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ 27 ਸਤੰਬਰ ਦੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਮਤਾ ਲਿਆਉਣ ਦੀ ਮੰਗ ਕੀਤੀ ਹੈ।

 ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ,  ਰਾਣਾ ਗੁਰਮੀਤ ਸਿੰਘ ਸੋਢੀ,  ਕੇਵਲ ਸਿੰਘ ਢਿੱਲੋਂ,  ਫਤਿਹਜੰਗ ਸਿੰਘ ਬਾਜਵਾ,  ਸੂਬਾ ਜਨਰਲ ਸਕੱਤਰ ਜੀਵਨ ਗੁਪਤਾ,  ਡਾ: ਸੁਭਾਸ਼ ਸ਼ਰਮਾ,  ਰਾਜੇਸ਼ ਬਾਗਾ,  ਦਿਆਲ ਸਿੰਘ ਸੋਢੀ,  ਸੁਰਜੀਤ ਜਿਆਣੀ,  ਹਰਜੀਤ ਸਿੰਘ ਗਰੇਵਾਲ,  ਤੀਕਸ਼ਨ ਸੂਦ,  ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ,  ਅਨਿਲ ਸਰੀਨ,  ਰਾਜ ਕੁਮਾਰ ਵੇਰਕਾ,  ਗੁਰਦੇਵ ਸ਼ਰਮਾ ਦੇਬੀ,  ਹਰਜਿੰਦਰ ਸਿੰਘ ਠੇਕੇਦਾਰ,  ਐੱਸ. ਐਸ. ਚੰਨੀ ਆਦਿ ਹਾਜ਼ਰ ਸਨ।