ਬਠਿੰਡਾ, 30 ਦਸੰਬਰ 2023: ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ (Gajendra Shekhawat) ਨੇ ਆਖਿਆ ਹੈ ਕਿ ਭਾਰਤੀ ਜੰਤਾ ਪਾਰਟੀ ਆਪਣੇ ਦਮ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਪੰਜਾਬ ਦੇ ਸਮੂਹ 13 ਹਲਕਿਆਂ ਵਿੱਚ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਉਂਜ ਤਾਂ ਰਾਜਨੀਤੀ ’ਚ ਹਮੇਸ਼ਾ ਸੰਭਾਵਨਾਵਾਂ ਚੱਲਦੀਆਂ ਰਹਿੰਦੀਆਂ ਹਨ ਪਰ ਅੱਜ ਤੱਕ ਕਿਸੇ ਪਾਰਟੀ ਨਾਲ ਗੱਠਜੋੜ ਸਬੰਧੀ ਕੋਈ ਨਾ ਕੋਈ ਗੱਲ ਚੱਲੀ ਹੈ ਅਤੇ ਨਾਂ ਹੀ ਕੋਈ ਪ੍ਰਸਤਾਵ ਹੈ। ਬਠਿੰਡਾ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੋਣ ਸਬੰਧੀ ਅਟਕਲਾਂ ਨੂੰ ਪੂਰੀ ਤਰਾਂ ਰੱਦ ਕੀਤਾ ਅਤੇ ਇਹ ਗੱਲ ਪੂਰੀ ਜਿੰਮੇਵਾਰੀ ਨਾਲ ਆਖੀ।
ਐਸਵਾਈਐਲ ਨਹਿਰ ਸਬੰਧੀ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਦੋ ਵਾਰ ਮੀਟਿੰਗ ਕੀਤੀ ਸੀ ਪਰ ਇਸ ਦਾ ਕੋਈ ਸਿੱਟਾ ਨਹੀਂ ਨਿੱਕਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਿਸਾਬ ਨਾਲ ਐਸਵਾਈਐਲ ਕੋਈ ਚੁਣਾਵੀ ਮੁੱਦਾ ਨਹੀਂ ਹੈ। ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਨਾਂ ਕਰਨ ਸਬੰਧੀ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਤੇ ਸਿਆਸਤ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਝਾਕੀਆਂ ਨੂੰ ਇਜ਼ਾਜ਼ਤ ਦੇਣ ਨੂੰ ਲੈਕੇ ਇੱਕ ਕਮੇਟੀ ਬਣੀ ਹੋਈ ਹੈ ਜਿਸ ਨੇ ਫੈਸਲਾ ਲੈਣਾ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਸੂਬੇ ਅਜਿਹੇ ਹਨ ਜਿੰਨ੍ਹਾਂ ਦੀ ਝਾਕੀ ਨੂੰ ਕਦੇ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦਸ ਸਾਲਾਂ ਦੇ ਰਾਜ ’ਚ ਪੰਜਾਬ ਨੂੰ ਸੱਤ ਵਾਰ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਭਾਵਨਾਤਮਕ ਬਲੈਕਮੇਲ ਕਰਨਾ ਸਹੀ ਨਹੀਂ ਹੈ। ਛੋਟੇ ਸਾਹਿਬਜਾਦਿਆਂ ਦਾ ਪਾਤਰ ਬਣਾਕੇ ਖੇਡ੍ਹੇ ਗਏ ਇੱਕ ਨਾਟਕ ਨੂੰ ਲੈਕੇ ਪੁੱਛੇ ਸਵਾਲ ਦੇ ਜਵਾਬ ’ਚ ਸ਼ੇਖਾਵਤ (Gajendra Shekhawat) ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਤਰਾਂ ਕਰਦਾ ਹੈ ਤਾਂ ਉਨ੍ਹਾਂ ਦੇ ਖਿਆਲ ’ਚ ਇਸ ਬਾਰੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਇਸ ਮੁੱਦੇ ਨੂੰ ਉਠਾਏਗੀ ਤਾਂ ਉਸ ਦਾ ਹੱਲ ਵੀ ਕੱਢਿਆ ਜਾਏਗਾ। ਇਸ ਮੌਕੇ ਭਾਜਪਾ ਪੰਜਾਬ ਦੇ ਜਰਨਲ ਸਕੱਤਰ ਦਿਆਲ ਸੋਢੀ ਅਤੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਆਦਿ ਆਗੂ ਹਾਜਰ ਸਨ।