July 8, 2024 7:44 pm
BJP

ਭਾਜਪਾ ਨੇ ‘ਆਪ’ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ ਕੀਤੀ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ 29 ਅਗਸਤ 2022: ਦਿੱਲੀ ਵਿਧਾਨ ਸਭਾ ‘ਚ ਅੱਜ ਵਿਸ਼ੇਸ਼ ਇਜਲਾਸ ਬੁਲਾਇਆ ਗਿਆ | ਇਸ ਦੌਰਾਨ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ‘ਚ ਭਾਜਪਾ ਵਿਧਾਇਕਾਂ ਦੀ ਨਾਅਰੇਬਾਜ਼ੀ ਦੇ ਵਿਰੋਧ ‘ਚ ਜਵਾਬੀ ਨਾਅਰੇਬਾਜ਼ੀ ਕੀਤੀ। ਭਾਜਪਾ (BJP) ਵਿਧਾਇਕਾਂ ਦੇ ਬਾਹਰ ਆਉਣ ਤੋਂ ਬਾਅਦ ਵੀ ‘ਆਪ’ ਵਿਧਾਇਕ ਭਾਜਪਾ ਖ਼ਿਲਾਫ ਨਾਅਰੇਬਾਜ਼ੀ ਕਰਦੇ ਰਹੇ, ਜਿਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਰਲਾ ਕਾਫੀ ਦੇਰ ਤੱਕ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal)  ਨੇ ਭਾਜਪਾ ਵਿਧਾਇਕਾਂ ਦੇ ਰਵੱਈਏ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਿਧਾਇਕ ਚਰਚਾ ਨਹੀਂ ਕਰਨਾ ਚਾਹੁੰਦੇ, ਉਹ ਹੰਗਾਮਾ ਕਰਨ ਦੇ ਇਰਾਦੇ ਨਾਲ ਹੀ ਵਿਧਾਨ ਸਭਾ ਵਿੱਚ ਆਉਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮਹਿੰਗਾਈ ਆਪਣੇ ਸਿਖਰ ’ਤੇ ਹੈ, ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾਉਣਾ ਮੁਸ਼ਕਲ ਹੋ ਗਿਆ ਹੈ। ਕੇਂਦਰ ਸਰਕਾਰ ਨੇ ਹਰ ਮਾਮਲੇ ਵਿੱਚ ਟੈਕਸ ਲਗਾਇਆ ਹੈ। ਅਜਿਹਾ ਟੈਕਸ ਕਦੇ ਨਹੀਂ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੁੱਧ, ਦਹੀ, ਅਨਾਜ, ਦਾਲਾਂ, ਚਾਵਲ, ਖੰਡ ‘ਤੇ ਕਦੇ ਵੀ ਟੈਕਸ ਨਹੀਂ ਲਗਾਇਆ ਗਿਆ ਹੈ ਅੰਗਰੇਜ਼ਾਂ ਨੇ ਵੀ ਇਹ ਟੈਕਸ ਕਦੇ ਨਹੀਂ ਲਗਾਇਆ।

ਇਸਦੇ ਨਾਲ ਹੀ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਖਾਦੀ ਗ੍ਰਾਮ ਉਦਯੋਗ ਦੇ ਚੇਅਰਮੈਨ ਹੁੰਦਿਆਂ ਉਪ ਰਾਜਪਾਲ ‘ਤੇ 1400 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਸਦਨ ਵਿੱਚ ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਹੰਗਾਮਾ ਕਰਦੇ ਹੋਏ ਦੁਰਗੇਸ਼ ਪਾਠਕ ਦੇ ਬਿਆਨ ਦਾ ਸਮਰਥਨ ਕੀਤਾ। ‘ਆਪ’ ਵਿਧਾਇਕਾਂ ਦੇ ਸ਼ਾਂਤ ਨਾ ਹੋਣ ‘ਤੇ ਰਾਖੀ ਬਿਰਲਾ ਨੇ ਸਦਨ ਦੀ ਬੈਠਕ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ।

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ 277 ਵਿਧਾਇਕ ਭਾਜਪਾ (BJP) ਵਿੱਚ ਸ਼ਾਮਲ ਹੋ ਗਏ ਹਨ। ਜੇਕਰ ਹਰੇਕ ਵਿਧਾਇਕ ਨੂੰ 20 ਕਰੋੜ ਰੁਪਏ ਦਿੱਤੇ ਜਾਂਦੇ ਤਾਂ ਸਾਰੇ ਵਿਧਾਇਕਾਂ ਨੂੰ ਖਰੀਦਣ ਲਈ 5500 ਕਰੋੜ ਰੁਪਏ ਮਿਲ ਜਾਣੇ ਸਨ। ਇਸੇ ਕਰਕੇ ਮਹਿੰਗਾਈ ਵਧੀ ਹੈ ਕਿਉਂਕਿ ਉਹ ਵਿਧਾਇਕਾਂ ਨੂੰ ਖਰੀਦਣ ਲਈ ਆਮ ਆਦਮੀ ਦਾ ਪੈਸਾ ਵਰਤ ਰਹੇ ਹਨ। ਇਸ ਦੌਰਾਨ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੀ ਰਿਹਾਇਸ਼ ‘ਤੇ ਛਾਪੇਮਾਰੀ ਦੌਰਾਨ ਦਾਅਵਾ ਕੀਤਾ ਕਿ ਸੀਬੀਆਈ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ‘ਤੇ 14 ਘੰਟੇ ਤੱਕ ਛਾਪੇਮਾਰੀ ਕੀਤੀ ਪਰ ਕੁਝ ਨਹੀਂ ਮਿਲਿਆ।