Site icon TheUnmute.com

ਭਾਜਪਾ ਆਗੂ ਪੰਜਾਬ ਆਬਕਾਰੀ ਨੀਤੀ ਬਾਰੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ: ਆਮ ਆਦਮੀਂ ਪਾਰਟੀ

Punjab excise policy

ਚੰਡੀਗੜ੍ਹ, 22 ਮਾਰਚ 2024: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਨੀਲ ਜਾਖੜ ‘ਤੇ ਪਲਟਵਾਰ ਕੀਤਾ ਹੈ ਅਤੇ ਲੋਕਾਂ ਦੀਆਂ ਲਾਸ਼ਾਂ ‘ਤੇ ਰਾਜਨੀਤੀ ਕਰਨ ਲਈ ਉਨ੍ਹਾਂ ਦੀ ਨਿੰਦਾ ਕੀਤੀ ਹੈ। ‘ਆਪ’ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਆਬਕਾਰੀ ਨੀਤੀ ਘਪਲਾ ਨਹੀਂ ਹੈ ਅਤੇ ਪੰਜਾਬ ਦੀ ਆਬਕਾਰੀ ਨੀਤੀ (Punjab excise policy) ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ। ਭਾਜਪਾ ਆਗੂ ਲੋਕ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਨੂੰ ਰੋਕਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਹਨ।

ਪਾਰਟੀ ਦਫ਼ਤਰ ਤੋਂ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ‘ਆਪ’ ਨੇ ਕਿਹਾ ਕਿ ਭਾਜਪਾ ਆਗੂ ਪੰਜਾਬ ਆਬਕਾਰੀ ਨੀਤੀ ਬਾਰੇ ਬੇਬੁਨਿਆਦ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਜਪਾ ਵਾਲੇ ਪੰਜਾਬ ਦੀ ਕੋਈ ਵੀ ਲੋਕ ਸਭਾ ਸੀਟ ਜਿੱਤਣ ਦੇ ਸੁਪਨੇ ਦੇਖ ਰਹੇ ਹਨ। ਕੇਂਦਰ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਕੀਤੇ ਅੱਤਿਆਚਾਰਾਂ ਨੂੰ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ।

ਉਨ੍ਹਾਂ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਪੰਜਾਬ ਦੀ ਲੀਡਰਸ਼ਿਪ ਨੇ ਕਦੇ ਵੀ ਸਾਡੇ ਕਿਸਾਨਾਂ ਜਾਂ ਸਾਡੇ ਨੌਜਵਾਨਾਂ ਲਈ ਆਵਾਜ਼ ਨਹੀਂ ਉਠਾਈ। ਉਨ੍ਹਾਂ ਨੇ ਸਾਡੇ ਸੂਬੇ ਜਾਂ ਲੋਕਾਂ ਦੇ ਹੱਕਾਂ ਲਈ ਕਦੇ ਵੀ ਕੇਂਦਰ ਵਿੱਚ ਪੰਜਾਬ ਦਾ ਪੱਖ ਨਹੀਂ ਲਿਆ। ਪੰਜਾਬ ਵਾਸੀ ਭਾਜਪਾ ਅਤੇ ਭਾਜਪਾ ਆਗੂਆਂ ਦੀ ਸੋਚ ਤੋਂ ਭਲੀ-ਭਾਂਤ ਜਾਣੂ ਹਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ। ਭਾਜਪਾ ਜਾਣਦੀ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਉਸ ਨੂੰ ਇਕ ਵੀ ਸੀਟ ਨਹੀਂ ਆ ਰਹੀ ਹੈ, ਇਸ ਲਈ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲ ਰਹੇ ਹਨ ਪਰ ਉਹ ਕਾਮਯਾਬ ਨਹੀਂ ਹੋਣਗੇ।

ਉਨਾਂ ਅੱਗੇ ਕਿਹਾ ਕਿ ਸੁਨੀਲ ਜਾਖੜ ਜਿਸ ਆਬਕਾਰੀ ਨੀਤੀ (Punjab excise policy) ਦੀ ਗੱਲ ਕਰ ਰਹੇ ਹਨ, ਉਸ ਨਾਲ ਮਾਲੀਆ 6,100 ਕਰੋੜ ਤੋਂ ਵਧਾ ਕੇ 10,000 ਕਰੋੜ ਕਰ ​​ਦਿੱਤਾ ਗਿਆ ਹੈ। ਜੇਕਰ ਕੋਈ ਭ੍ਰਿਸ਼ਟਾਚਾਰ ਸੀ ਤਾਂ ਅਸੀਂ ਮਾਲੀਆ ਕਿਵੇਂ ਵਧਾਇਆ? ਕੀ ਸੁਨੀਲ ਜਾਖੜ ਦੱਸ ਸਕਦੇ ਹਨ ਕਿ 2016-17 ਦੀ ਅਕਾਲੀ-ਭਾਜਪਾ ਸਰਕਾਰ ਦੀ ਨੀਤੀ ਕਾਰਨ ਆਮਦਨ ਘੱਟ ਕਿਉਂ ਹੋ ਰਹੀ ਸੀ। ਉਨ੍ਹਾਂ ਦੀ ਇਸ ਨੀਤੀ ਨਾਲ ਪੰਜਾਬ ਦੇ ਖਜ਼ਾਨੇ ਨੂੰ 300 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ। ਇੱਕ ਸਧਾਰਨ ਗਣਿਤ ਦੱਸ ਸਕਦਾ ਹੈ ਕਿ ਕਿਹੜੀ ਨੀਤੀ ਅਤੇ ਕਿਹੜੀ ਪਾਰਟੀ ਭ੍ਰਿਸ਼ਟ ਹੈ।

ਪਾਰਟੀ ਨੇ ਨੀਵੇਂ ਪੱਧਰ ਦੀ ਰਾਜਨੀਤੀ ਕਰਨ ਲਈ ਸੁਨੀਲ ਜਾਖੜ ਦੀ ਨਿੰਦਾ ਵੀ ਕੀਤੀ। ਇਹ ਮੰਦਭਾਗਾ ਹੈ ਕਿ ਉਹ ਨਕਲੀ ਸ਼ਰਾਬ ਕਾਰਨ ਲੋਕਾਂ ਦੀਆਂ ਮੌਤਾਂ ਦਾ ਸਿਆਸੀਕਰਨ ਕਰ ਰਿਹੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ‘ਆਪ’ ਸਰਕਾਰ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਯਕੀਨੀ ਬਣਾ ਰਹੀ ਹੈ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਸ਼ਰਾਬ ਦਾ ਕੋਈ ਘੁਟਾਲਾ ਨਹੀਂ ਹੋਇਆ ਹੈ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਰੋਕਣਾ ਭਾਜਪਾ ਦੀ ਸਾਜ਼ਿਸ਼ ਹੈ ਕਿਉਂਕਿ ਉਹ ਸਾਡੇ ਤੋਂ ਡਰਦੇ ਹਨ। ਅੱਜ ਤੱਕ ਇੱਕ ਰੁਪਿਆ ਵੀ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਕਿਸੇ ਅਦਾਲਤ ਵਿੱਚ ਕੋਈ ਸਬੂਤ ਪੇਸ਼ ਕੀਤਾ ਗਿਆ। ਭਾਜਪਾ ਸਿਰਫ ਆਪਣੀ ਗੰਦੀ ਰਾਜਨੀਤੀ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਪਰ ਅੰਤ ਵਿੱਚ ਸੱਚ ਦੀ ਜਿੱਤ ਹੋਵੇਗੀ। ਲੋਕ ਭਾਰਤੀ ਜਨਤਾ ਪਾਰਟੀ ਅਤੇ ਸੁਨੀਲ ਜਾਖੜ ਵਰਗੇ ਲੋਕਾਂ ਨੂੰ ਲੋਕਤੰਤਰ ਦਾ ਮਜ਼ਾਕ ਉਡਾਉਣ ਲਈ ਚੋਣਾਂ ਵਿੱਚ ਸਬਕ ਸਿਖਾਉਣਗੇ।

Exit mobile version