July 7, 2024 6:55 am
Malwinder Kang

ਭਾਜਪਾ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਦੇਸ਼ ਦਾ ਮਾਹੌਲ ਖ਼ਰਾਬ ਕਰਨ ‘ਚ ਲੱਗੀ ਹੋਈ : ਮਾਲਵਿੰਦਰ ਕੰਗ

ਚੰਡੀਗੜ੍ਹ 07 ਮਈ 2022: ਬੀਤੇ ਦਿਨ ਪੰਜਾਬ ਪੁਲਿਸ ਵਲੋਂ ਦਿੱਲੀ ਤੋਂ ਭਾਜਪਾ (BJP) ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਸੀ ਬਾਅਦ ‘ਚ ਹਰਿਆਣਾ ਪੁਲਿਸ ਵਲੋਂ ਰੋਕ ਲਿਆ ਗਿਆ ਤੇ ਵਾਪਸ ਭਜਾਪਾ ਆਗੂ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ | ਇਸ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ | ਜਿਸਦੇ ਚੱਲਦੇ ਵਿਰੋਧੀ ਧਿਰ ਵਲੋਂ ਪੰਜਾਬ ਸਰਕਾਰ ‘ਤੇ ਲਗਾਤਾਰ ਤਿੱਖੇ ਹਮਲੇ ਕਰ ਰਹੀ ਹੈ |

ਇਸ ਦੌਰਾਨ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ (Tejinder Pal Singh Bagga) ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਆਗੂ ਬੱਗਾ ਦੀ ਗ੍ਰਿਫ਼ਤਾਰੀ ਮਾਮਲੇ ‘ਚ ਹਰਿਆਣਾ ਅਤੇ ਦਿੱਲੀ ਦੀ ਪੁਲਸ ਨੇ ਪੰਜਾਬ ਪੁਲਸ ਦੀ ਕਾਰਵਾਈ ‘ਚ ਜੋ ਦਖ਼ਲ-ਅੰਦਾਜ਼ੀ ਕੀਤੀ ਹੈ, ਉਹ ਬੇਹੱਦ ਹੀ ਗਲਤ ਹੈ।

ਇਸਦੇ ਨਾਲ ਹੀ ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਕਿਹਾ ਕਿ ਆਮ ਆਦਮੀ ਪਾਰਟੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ‘ਚ ਦਖ਼ਲ ਦੇਵੇ। ਉਨ੍ਹਾਂ ਵਲੋਂ ਅਦਾਲਤ ਨੂੰ ਮੰਗ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਉਸ ਨੂੰ ਸਬਕ ਸਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਕਾਨੂੰਨ ਦੇ ਮੁਤਾਬਕ ਚੱਲੇਗਾ ਨਾ ਕਿ ਗੁੰਡਾਗਰਦੀ ਨਾਲ। ਉਨ੍ਹਾਂ ਕਿਹਾ ਕਿ ਤੇਜਿੰਦਰ ਪਾਲ ਸਿੰਘ ਬੱਗਾ ‘ਤੇ ਵੱਖ-ਵੱਖ ਸੂਬਿਆਂ ‘ਚ ਵੱਖ-ਵੱਖ ਮੁਕੱਦਮੇ ਚੱਲ ਰਹੇ ਹਨ ਅਤੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ‘ਚ ਬੇਰੁਜ਼ਗਾਰੀ ਦੀ ਸਮੱਸਿਆ ਵਧੀ ਹੈ ਪਰ ਦੇਸ਼ ਦੀ ਸਰਕਾਰ ਮੁੱਦਿਆਂ ਦਾ ਹੱਲ ਕਰਨ ਦੀ ਬਜਾਏ ਅਜਿਹੇ ਮੁੱਦਿਆਂ ਸਬੰਧੀ ਦੇਸ਼ ਦਾ ਮਾਹੌਲ ਖ਼ਰਾਬ ਕਰਨ ‘ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਹੰਕਾਰੀ ਭਾਜਪਾ ਸਰਕਾਰ ਨੂੰ ਸਿਰਫ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਹੀ ਚੈਲੰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤਾਨਾਸ਼ਾਹੀ ਵੱਲ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ।