ਚੰਡੀਗੜ੍ਹ, 28 ਅਕਤੂਬਰ 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 (Maharashtra assembly elections) ਲਈ ਭਾਜਪਾ (BJP) ਨੇ ਆਪਣੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਅੱਜ ਜਾਰੀ ਕੀਤੀ ਸੂਚੀ ‘ਚ ਪਾਰਟੀ ਨੇ ਕੁੱਲ 25 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਇਸ ਸੂਚੀ ਨਾਲ ਭਾਜਪਾ ਨੇ ਹੁਣ ਤੱਕ 146 ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਹਨ। ਪਾਰਟੀ ਨੇ ਪਹਿਲੀ ਸੂਚੀ ‘ਚ 99 ਅਤੇ ਦੂਜੀ ਸੂਚੀ ‘ਚ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪਾਰਟੀ ਨੇ ਸੋਮਵਾਰ ਨੂੰ ਜਾਰੀ ਸੂਚੀ ਵਿੱਚ 25 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ ਤੀਜੀ ਸੂਚੀ ਵਿੱਚ ਕਾਂਗਰਸ ਛੱਡ ਚੁੱਕੇ ਦੋ ਆਗੂਆਂ ਨੂੰ ਟਿਕਟਾਂ ਦਿੱਤੀਆਂ ਹਨ। ਪਾਰਟੀ ਨੇ ਦੇਗਲੂਰ ਸੀਟ ਤੋਂ ਜਿਤੇਸ਼ ਅੰਤਾਪੁਰਕਰ ਨੂੰ ਟਿਕਟ ਦਿੱਤੀ ਹੈ। ਜਿਤੇਸ਼ ਨੇ 2021 ‘ਚ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਸੀ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਕਰੀਬੀ ਮੰਨਿਆ ਜਾਂਦਾ ਹੈ |
ਇਸ ਤੋਂ ਇਲਾਵਾ ਭਾਜਪਾ ਨੇ ਅਰਚਨਾ ਪਾਟਿਲ ਨੂੰ ਲਾਤੂਰ ਸ਼ਹਿਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਲੋਕ ਸਭਾ ਸਪੀਕਰ ਸ਼ਿਵਰਾਜ ਪਾਟਿਲ ਦੀ ਨੂੰਹ ਹੈ।
ਦੂਜੇ ਪਾਸੇ ਭਾਜਪਾ ਨੇ ਅਰਵੀ ਵਿਧਾਨ ਸਭਾ ਸੀਟ ਤੋਂ ਸੁਮਿਤ ਵਾਨਖੇੜੇ ਨੂੰ ਟਿਕਟ ਦਿੱਤੀ ਹੈ, ਜੋ ਸਾਲਾਂ ਤੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਿੱਜੀ ਸਹਾਇਕ ਸਨ। ਇਸ ਤੋਂ ਪਹਿਲਾਂ 2019 ਦੀਆਂ ਚੋਣਾਂ ਵਿੱਚ ਵੀ ਦੇਵੇਂਦਰ ਫੜਨਵੀਸ ਦੇ ਸਾਬਕਾ ਨਿੱਜੀ ਸਹਾਇਕ ਅਭਿਮਨਿਊ ਪਵਾਰ ਨੂੰ ਔਸਾ ਸੀਟ ਤੋਂ ਟਿਕਟ ਦਿੱਤੀ ਗਈ ਸੀ, ਜਿਸ ‘ਤੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ |
ਮਹਾਰਾਸ਼ਟਰ ਵਿਧਾਨ ਸਭਾ ਚੋਣ ਕਾਰਜਕ੍ਰਮ:-
ਨੋਟੀਫਿਕੇਸ਼ਨ: 22 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 29 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 4 ਨਵੰਬਰ
ਵੋਟਿੰਗ: 20 ਨਵੰਬਰ
ਵੋਟਾਂ ਦੀ ਗਿਣਤੀ: 23 ਨਵੰਬਰ
288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਬਹੁਮਤ ਦਾ ਅੰਕੜਾ 145 ਹੈ। ਮਹਾਰਾਸ਼ਟਰ ‘ਚ 9.63 ਕਰੋੜ ਵੋਟਰ ਹੋਣਗੇ। 4.97 ਕਰੋੜ ਮਰਦ ਅਤੇ 4.66 ਕਰੋੜ ਬੀਬੀ ਵੋਟਰ ਹੋਣਗੇ। ਇਸਦੇ ਨਾਲ ਹੀ 1.85 ਕਰੋੜ ਨੌਜਵਾਨ ਵੋਟਰ ਹੋਣਗੇ। ਪਹਿਲੀ ਵਾਰ ਵੋਟਰਾਂ ਦੀ ਗਿਣਤੀ 20.93 ਲੱਖ ਹੋਵੇਗੀ। ਇਸ ਵਾਰ ਸੂਬੇ ‘ਚ 1,00,186 ਪੋਲਿੰਗ ਸਟੇਸ਼ਨ ਹੋਣਗੇ। ਮਹਾਰਾਸ਼ਟਰ ‘ਚ ਇਸ ਸਮੇਂ ਏਕਨਾਥ ਸਿੰਦੇ ਮੁੱਖ ਮੰਤਰੀ ਹਨ |
ਇਸਦੇ ਨਾਲ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਭਾਜਪਾ ਅਤੇ ਅਜੀਤ ਪਵਾਰ ਦੀ ਐਨਸੀਪੀ ਵਾਲਾ ਮਹਾਗਠਜੋੜ ਸੱਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਸ਼ਿਵ ਸੈਨਾ (ਯੂਬੀਟੀ), ਐਨਸੀਪੀ (ਐਸਪੀ) ਅਤੇ ਕਾਂਗਰਸ ਦੀ ਮਹਾਂ ਵਿਕਾਸ ਅਗਾੜੀ (ਐਮਵੀਏ) ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
ਚੋਣ ਕਮਿਸ਼ਨ ਮੁਤਾਬਕ ਮਹਾਰਾਸ਼ਟਰ (Maharashtra) ‘ਚ ਇਸ ਵਾਰ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 23 ਨੂੰ ਆਉਣਗੇ। ਜਦੋਂ ਕਿ ਝਾਰਖੰਡ ‘ਚ 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।
ਇਸਦੇ ਨਾਲ ਹੀ ਮਹਾਰਾਸ਼ਟਰ (Maharashtra) ਨਾਲ-ਨਾਲ ਝਾਰਖੰਡ ਵਿਧਾਨ ਸਭਾ ਚੋਣਾਂ 2024 (Jharkhand assembly elections) ਨੂੰ ਲੈ ਕੇ ਭਾਜਪਾ (BJP) ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।
ਭਾਜਪਾ ਦੀ ਇਸ ਦੂਜੀ ਸੂਚੀ ‘ਚ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ (JMM) ਦੇ ਆਗੂ ਹੇਮੰਤ ਸੋਰੇਨ ਖ਼ਿਲਾਫ਼ ਬਰਹੇਟ ਸੀਟ ਤੋਂ ਗਮਲਿਆਲ ਹੇਮਬਰੋਮ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਹੇਮਬਰਮ ਨੇ 2019 ‘ਚ ਬਰਹੇਟ ਤੋਂ ਏਜੇਐਸਯੂ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ | ਇਨ੍ਹਾਂ ਚੋਣਾਂ ‘ਚ ਉਨ੍ਹਾਂ ਨੂੰ ,573 ਵੋਟਾਂ ਮਿਲੀਆਂ ਸਨ।
ਮੁੱਖ ਮੰਤਰੀ ਹੇਮੰਤ ਸੋਰੇਨ ਸਾਹਿਬਗੰਜ ਜ਼ਿਲ੍ਹੇ ਦੇ ਬਰਹੇਟ (ਐਸਟੀ) ਹਲਕੇ ਤੋਂ ਮੌਜੂਦਾ ਵਿਧਾਇਕ ਹਨ। ਹੇਮੰਤ ਨੇ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੇ ਵਿਰੋਧੀ ਭਾਜਪਾ (BJP) ਦੇ ਸਾਈਮਨ ਮਾਲਟੋ ਨੂੰ 25,740 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ‘ਚ 66 ਉਮੀਦਵਾਰਾਂ ਦੇ ਨਾਂ ਸ਼ਾਮਲ ਸਨ। ਜਿਕਰਯੋਗ ਹੈ ਕਿ ਝਾਰਖੰਡ (Jharkhand) ‘ਚ 13 ਅਤੇ 20 ਨਵੰਬਰ ਨੂੰ ਦੋ ਪੜਾਵਾਂ ‘ਚ ਚੋਣਾਂ ਹੋਣ ਜਾ ਰਹੀਆਂ ਹਨ। ਨਤੀਜੇ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।