Site icon TheUnmute.com

ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਬਹੁਪੱਖੀ ਵਿਕਾਸ ਲਈ ਜਾਰੀ ਕੀਤਾ ਸੰਕਲਪ ਪੱਤਰ

Sri Anandpur Sahib

ਮੋਹਾਲੀ 23 ਮਈ 2024: ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਤੋਂ ਭਾਜਪਾ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਅੱਜ ਹਲਕੇ ਦੇ ਸਰਬਪੱਖੀ ਵਿਕਾਸ ਲਈ ਆਪਣਾ ਵਿਜ਼ਨ ਡਾਕੂਮੈਂਟ ਜਾਰੀ ਕੀਤਾ। ਵਿਜ਼ਨ ਡਾਕੂਮੈਂਟ ਜਾਰੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ, ‘ਜੇਕਰ ਇਸ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਵਿਜ਼ਨ ਡਾਕੂਮੈਂਟ ਲਾਗੂ ਹੋਣ ਨਾਲ ਸ੍ਰੀ ਆਨੰਦਪੁਰ ਸਾਹਿਬ ਪੰਜਾਬ ਦੇ ਸਰਵੋਤਮ ਹਲਕਿਆਂ ਵਿੱਚੋਂ ਇੱਕ ਬਣ ਜਾਵੇਗਾ।’

ਮਤਾ ਪੱਤਰ ਵਿੱਚ ਸੂਚੀਬੱਧ ਸਭ ਤੋਂ ਮਹੱਤਵਪੂਰਨ ਗੱਲਾਂ ਨੂੰ ਉਜਾਗਰ ਕਰਦਿਆਂ ਡਾ: ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਸੈਰ-ਸਪਾਟਾ ਕੇਂਦਰ ਬਣਾਉਣ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂ.ਕੇ. ਨਾਲ ਸਿੱਧਾ ਹਵਾਈ ਸੰਪਰਕ ਯਕੀਨੀ ਬਣਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ, ‘ਮੁਹਾਲੀ ਨੂੰ ਅੰਤਰਰਾਸ਼ਟਰੀ ਆਈ.ਟੀ. ਉਦਯੋਗ ਦਾ ਧੁਰਾ ਬਣਾਉਣ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਉਦਯੋਗਿਕ ਪ੍ਰੋਜੈਕਟ ਲਿਆਉਣਾ ਉਨ੍ਹਾਂ ਦੀ ਤਰਜੀਹ ਸੂਚੀ ਵਿੱਚ ਹੋਵੇਗਾ। ਉਨ੍ਹਾਂ ਅੱਗੇ ਕਿਹਾ, ‘ਵਿਕਾਸ ਦੇ ਨਾਲ-ਨਾਲ ਨਸ਼ਾਖੋਰੀ ਨੂੰ ਖ਼ਤਮ ਕਰਨਾ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਗੈਂਗਸਟਰ ਮੁਕਤ ਬਣਾਉਣਾ ਮੇਰੀ ਪਹਿਲੀ ਤਰਜੀਹ ਹੋਵੇਗੀ।’

ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੇ ਕੰਮਾਂ ਸਬੰਧੀ ਮਤਾ ਪੱਤਰ ਦੇ ਮੁੱਖ ਨੁਕਤਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ: ਸ਼ਰਮਾ ਨੇ ਦੱਸਿਆ ਕਿ ਮੁਹਾਲੀ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਾਲੀਬਾਲ ਅਤੇ ਫੁੱਟਬਾਲ ਖੇਡ ਅਕੈਡਮੀ ਬਣਾਈ ਜਾਵੇਗੀ। ਖਰੜ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਈ-ਸਪੋਰਟਸ ਅਖਾੜੇ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਰੋਪੜ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਜੋ ਕਿ ਇੱਕ ਖੋਜ ਕੇਂਦਰ ਵਜੋਂ ਕੰਮ ਕਰੇਗੀ ਅਤੇ ਪੁਰਾਤਨ ਸੰਗੀਤ ਸਾਜ਼ਾਂ, ਕਲਾਕ੍ਰਿਤੀਆਂ ਅਤੇ ਪੰਜਾਬੀ ਸਾਹਿਤ ਨੂੰ ਸੁਰਜੀਤ ਕਰੇਗੀ।

ਡਾ: ਸ਼ਰਮਾ ਨੇ ਮਤਾ ਪੱਤਰ ਵਿੱਚ ਭਰੋਸਾ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨਐਫਐਲ) ਦੀਆਂ ਹਜ਼ਾਰਾਂ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ। ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਤੱਕ ਸੜਕ ਨੂੰ ਚੌੜਾ ਕਰਕੇ 4-ਲੇਨ ਵਿੱਚ ਤਬਦੀਲ ਕੀਤਾ ਜਾਵੇਗਾ।

ਡਾ: ਸ਼ਰਮਾ ਨੇ ਇਕ ਮਹੱਤਵਪੂਰਨ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਤਾ ਪੱਤਰ ਵਿਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਸਤਲੁਜ ਦਰਿਆ ‘ਤੇ ਪੁਲ ਬਣਾਇਆ ਜਾਵੇਗਾ, ਜੋ ਮਾਛੀਵਾੜਾ ਨੂੰ ਬਲਾਚੌਰ ਨਾਲ ਜੋੜੇਗਾ | ਮੋਰਿੰਡਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਰੋਪੜ ਨੂੰ ਜਾਣ ਵਾਲੀਆਂ ਦੋ ਵੱਡੀਆਂ ਸੜਕਾਂ ਦਾ ਨਾਮ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਮੋਰਿੰਡਾ ਦੇ ਰੇਲਵੇ ਸਟੇਸ਼ਨ ਦਾ ਨਾਮ ਮਾਤਾ ਗੁਜਰੀ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਮੋਰਿੰਡਾ ਵਿੱਚ ਦੋ ਯਾਦਗਾਰੀ ਗੇਟ ਵੀ ਬਣਾਏ ਜਾਣਗੇ।

ਡਾ: ਸ਼ਰਮਾ ਨੇ ਇਹ ਵੀ ਐਲਾਨ ਕੀਤਾ ਕਿ ਨਵਾਂਸ਼ਹਿਰ ਵਿੱਚ ਸਰਦਾਰ ਭਗਤ ਸਿੰਘ ਦੇ ਨਾਮ ‘ਤੇ ਇੱਕ ਸਰਕਾਰੀ ਮੈਡੀਕਲ ਕਾਲਜ ਅਤੇ ਇੱਕ ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਆਬੇ ਦੇ ਲੋਕਾਂ ਦੀ ਜੀਵਨ ਰੇਖਾ ਕੰਢੀ ਨਹਿਰ ਦੇ ਅਧੂਰੇ ਪਏ ਨਿਰਮਾਣ ਨੂੰ ਪੂਰਾ ਕੀਤਾ ਜਾਵੇਗਾ।

ਬਲਾਚੌਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਢੁੱਕਵੀਂ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਲਈ ਬਲਾਚੌਰ ਵਿਧਾਨ ਸਭਾ ਹਲਕੇ ਦੇ ਸੀਮਤ ਸੜਕੀ ਰੂਟਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਸ ਨੂੰ ਰੇਲ ਲਿੰਕ ਨਾਲ ਵੀ ਜੋੜਿਆ ਜਾਵੇਗਾ। ਉਨ੍ਹਾਂ ਕਿਹਾ, ‘ਬਲਾਚੌਰ ਵਿੱਚ ਬਿਹਤਰ ਸਿਹਤ ਸਹੂਲਤਾਂ ਲਈ ਸਥਾਨਕ ਲੋਕਾਂ ਲਈ ਇੱਕ ਵੱਡਾ ਹਸਪਤਾਲ ਬਣਾਇਆ ਜਾਵੇਗਾ।’

ਡਾ: ਸ਼ਰਮਾ ਨੇ ਕਿਹਾ ਕਿ ਬਲੌਂਗੀ ਅਤੇ ਮੁਹਾਲੀ ਵਿੱਚ ਕੱਚੇ ਨਾਲਿਆਂ ਨੂੰ ਕੰਕਰੀਟ ਦਾ ਬਣਾਇਆ ਜਾਵੇਗਾ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਨਾਲ ਹੀ ਸਮੁੱਚੇ ਵਿਧਾਨ ਸਭਾ ਹਲਕੇ ਲਈ ਸਿਰਦਰਦੀ ਬਣੇ ਖਰੜ ਦੇ ਸੀਵਰੇਜ ਸਿਸਟਮ ਨੂੰ ਨਵੇਂ ਸਿਰੇ ਤੋਂ ਨੱਥ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ (Sri Anandpur Sahib)  ਦੀ ਪਵਿੱਤਰ ਧਰਤੀ ‘ਤੇ ਜੈਵਿਕ ਅਤੇ ਕੁਦਰਤੀ ਖੇਤੀ ਲਈ ਵਿਸ਼ੇਸ਼ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਮਤਾ ਪੱਤਰ ਵਿੱਚ ਬੰਗਾ ਦਾ ਜ਼ਿਕਰ ਕਰਦਿਆਂ ਡਾ: ਸ਼ਰਮਾ ਨੇ ਕਿਹਾ ਕਿ ਬੰਗਾ ਨੂੰ ਵਿਸ਼ਵ ਪੱਧਰੀ ਬੀ-ਸਪੋਕ ਜੁੱਤੀ ਨਿਰਮਾਣ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਇਸ ਕੇਂਦਰ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਵਿੱਚ ਮੱਦਦ ਕਰੇਗੀ। ਉਨ੍ਹਾਂ ਵਾਅਦਾ ਕੀਤਾ, ‘ਬੰਗਾ ਅਤੇ ਨਵਾਂਸ਼ਹਿਰ ਨੂੰ ਰੇਲ ਲਿੰਕ ਨਾਲ ਜੋੜ ਕੇ ਰੇਲ ਸੰਪਰਕ ਵਧਾਇਆ ਜਾਵੇਗਾ।’ ਡਾ: ਸ਼ਰਮਾ ਨੇ ਅੰਤ ਵਿੱਚ ਕਿਹਾ ਕਿ ਬੰਗਾ ਵਿਧਾਨ ਸਭਾ ਹਲਕੇ ਵਿਚ ਪਲਾਈਵੁੱਡ ਇੰਡਸਟਰੀ ਦਾ ਹੱਬ ਬਣਾਇਆ ਜਾਵੇਗਾ, ਜਿਸ ਨਾਲ ਸਮੁੱਚੇ ਹਲਕੇ ਵਿੱਚ ਕਾਰੋਬਾਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਅੱਜ ਮਤਾ ਪੱਤਰ ਜਾਰੀ ਕਰਨ ਮੌਕੇ ਭਾਜਪਾ ਦੇ ਸੀਨੀਅਰ ਆਗੂ ਸ: ਕੇਵਲ ਸਿੰਘ ਢਿੱਲੋਂ, ਸੰਜੀਵ ਵਸ਼ਿਸ਼ਟ, ਕਮਲ ਸੈਣੀ, ਹਰਦੇਵ ਸਿੰਘ ਉੱਭਾ, ਚੰਦਰਸ਼ੇਖਰ, ਅੰਕਿਤ ਸ਼ਰਮਾ ਅਤੇ ਧਰੁਵ ਵਧਵਾ ਵੀ ਹਾਜ਼ਰ ਸਨ |

Exit mobile version