ਚੰਡੀਗੜ੍ਹ 16 ਮਈ 2022: ਭਾਰਤ ਦੀ ਫਾਰਮਾਸਿਊਟੀਕਲ ਫਰਮ ਬਾਇਓਲਾਜੀਕਲ ਈ ਲਿਮਿਟੇਡ (Biological E) ਨੇ ਅੱਜ ਯਾਨੀ ਸੋਮਵਾਰ ਨੂੰ ਆਪਣੇ ਕੋਰਬੇਵੈਕਸ ਵੈਕਸੀਨ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ। ਇਸ ਕੀਮਤ ਵਿੱਚ ਜੀਐਸਟੀ ਵੀ ਸ਼ਾਮਲ ਹੈ।
ਇਸਦੇ ਨਾਲ ਹੀ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸਦੇ ਕਾਰਨ ਅੰਤਮ ਉਪਭੋਗਤਾਵਾਂ ਨੂੰ ਟੈਕਸ ਅਤੇ ਟੀਕਾਕਰਨ ਖਰਚਿਆਂ ਸਮੇਤ 400 ਰੁਪਏ ਪ੍ਰਤੀ ਖੁਰਾਕ ਦਾ ਭੁਗਤਾਨ ਕਰਨਾ ਪਵੇਗਾ। ਪਹਿਲਾਂ ਨਿੱਜੀ ਟੀਕਾਕਰਨ ਕੇਂਦਰਾਂ ‘ਤੇ ਵੈਕਸੀਨ ਦੇ ਅੰਤਮ ਉਪਭੋਗਤਾਵਾਂ ਲਈ ਕੁੱਲ ਲਾਗਤ 990 ਰੁਪਏ ਪ੍ਰਤੀ ਖੁਰਾਕ ਸੀ।
ਇਸ ਸਾਲ ਮਾਰਚ ਵਿੱਚ, ਜਦੋਂ ਦੇਸ਼ ਨੇ ਕੋਵਿਡ-19 ਤੋਂ ਬਚਾਅ ਲਈ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕੀਤਾ, ਤਾਂ ਕੋਰਬੇਵੈਕਸ ਵੈਕਸੀਨ ਦੀ ਵਰਤੋਂ ਕੀਤੀ ਗਈ ਅਤੇ ਸਰਕਾਰੀ ਟੀਕਾਕਰਨ ਪ੍ਰੋਗਰਾਮ ਦੀ ਕੀਮਤ 145 ਰੁਪਏ ਰੱਖੀ ਗਈ।ਬਾਇਓਲਾਜੀਕਲ ਈ ਦੇ ਅਨੁਸਾਰ, ਇਸ ਨੇ ਆਮ ਲੋਕਾਂ ਲਈ ਇਸਨੂੰ ਹੋਰ ਕਿਫਾਇਤੀ ਬਣਾਉਣ ਅਤੇ ਇਸ ਨੂੰ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਯੋਗ ਬਣਾਉਣ ਲਈ ਆਪਣੀ ਦਵਾਈ ਦੀ ਕੀਮਤ ਘੱਟ ਕੀਤੀ ਹੈ। ਇਸ ਨਾਲ ਵਾਇਰਸ ਵਿਰੁੱਧ ਲੜਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜੀ ਜਾਵੇਗੀ।