ਅੰਮ੍ਰਿਤਸਰ 25 ਨਵੰਬਰ 2022: ਸਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਪੰਜਾਬ ਵਿਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ | ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਵਲੋ ਪਹਿਲਾਂ ਕੱਥੂਨੰਗਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਹਿੰਦੂ ਜਥੇਬੰਦੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ | ਉਨ੍ਹਾਂ ਕਿਹਾ ਸੀ ਕਿ ਜੇਕਰ ਕੋਈ ਪੰਜਾਬ ਦਾ ਮਾਹੌਲ ਖ਼ਰਾਬ ਕਰੇਗਾ ਤਾਂ ਉਸਦੇ ਖਿਲਾਫ਼ ਬਿਕਰਮ ਮਜੀਠੀਆ ਖੜ੍ਹਾ ਹੈ |
ਮਜੀਠੀਆ ਵੱਲੋਂ ਇਕ ਵਾਰ ਫਿਰ ਪ੍ਰੈਸ ਕਾਨਫਰੰਸ ਕਰਕੇ ਸੁਧੀਰ ਸੂਰੀ ਦੇ ਕਤਲ ਚ ਨਾਮਜ਼ਦ ਨੌਜਵਾਨ ਸੰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ | ਇਸਦੇ ਨਾਲ ਹੀ ਹੁਣ ਸੁਧੀਰ ਸੂਰੀ ਦੇ ਪਰਿਵਾਰ ਵਲੋ ਪ੍ਰੈੱਸ ਵਾਰਤਾ ਕੀਤੀ ਗਈ ਤੇ ਸ਼ਿਵ ਸੈਨਾ ਟਕਸਾਲੀ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਬ੍ਰਿਜ ਮੋਹਨ ਸੂਰੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਬਿਕਰਮ ਮਜੀਠੀਆਂ ਵਲੋਂ ਦਿੱਤੇ ਬਿਆਨਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਬਿਆਨਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਮਜੀਠੀਆਂ ਪੂਰੀ ਤਰਾਂ ਡਰ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾ ਹੀ ਬਿਕਰਮ ਮਜੀਠੀਆਂ ਬਿਆਨ ਦੇ ਰਹੇ ਸਨ ਕਿ ਉਹ ਸੂਰੀ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਘਰ ਜਾ ਦੁੱਖ ਪ੍ਰਗਟਾਵਾ ਕਰਨਗੇ, ਪਰ ਬੀਤੇ ਦਿਨੀ ਕਾਤਲ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿਚ ਪ੍ਰੈਸ ਕਾਨਫਰੰਸ ਕਰਕੇ ਜੋ ਬਿਆਨ ਦਿੱਤੇ ਹਨ, ਉਹ ਸਿੱਧੇ ਤੌਰ ‘ਤੇ ਨੌਜਵਾਨਾਂ ਨੂੰ ਗਲਤ ਸੰਦੇਸ਼ ਦੇ ਰਹੇ ਹਨ, ਜੋ ਪੰਜਾਬ ਸੂਬੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਮਜੀਠੀਆਂ ਇਹ ਵੀ ਕਹਿ ਰਹੇ ਹਨ ਉਹ ਸੂਰੀ ਦੀ ਵਿਚਾਰਧਾਰਾ ਤੋਂ ਸਹਿਮਤ ਨਹੀਂ ਸਨ ਅਤੇ ਚੋਣਾਂ ਦੌਰਾਨ ਉਹ ਸੂਰੀ ਦੇ ਘਰ ਵੋਟ ਮੰਗਣ ਵੀ ਨਹੀਂ ਗਏ ਸਨ, ਜੋ ਕਿ ਬਿਲਕੁਲ ਝੂਠ ਬੋਲ ਰਹੇ ਹਨ, ਇਥੋਂ ਤੱਕ ਕਿ ਬਿਕਰਮ ਮਜੀਠੀਆਂ ਸਿਰਫ ਆਪਣੇ ਚਹੇਤਿਆਂ ਦੇ ਹੀ ਘਰ ਗਏ ਸੀ ਅਤੇ ਸੂਰੀ ਪਰਿਵਾਰ ਨੂੰ ਮਿਲਣ ਦੇ ਵੱਖਰੇ-ਵੱਖਰੇ ਤਰੀਕੇ ਲੱਭ ਰਹੇ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਮਜੀਠੀਆਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬਿਆਨ ਦੇ ਰਹੇ ਸਨ ਤੇ ਹੁਣ ਪਤਾ ਨਹੀਂ ਕਿਉਂ ਘਬਰਾ ਕੇ ਕਾਤਲ ਦੇ ਪਰਿਵਾਰਕ ਮੈਂਬਰਾਂ ਦੀ ਸਪੋਰਟ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ।
ਬ੍ਰਿਜਮੋਹਨ ਸੂਰੀ (Brijmohan Suri) ਨੇ ਕਿਹਾ ਕਿ ਬਿਕਰਮ ਮਜੀਠੀਆਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਦੇ ਨਾਲ ਸੂਰੀ ਪਰਿਵਾਰ ਕਦੇ ਵੀ ਸਹਿਮਤ ਨਹੀਂ ਹੋ ਸਕਦਾ ਹੈ, ਜੇਕਰ ਮਜੀਠੀਆਂ ਇਸੇ ਤਰਾਂ ਦੇ ਬਿਆਨ ਦਿੰਦੇ ਰਹਿਣਗੇ ਤਾਂ ਸੂਰੀ ਪਰਿਵਾਰ ਇਸਨੂੰ ਜਵਾਬ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮਜੀਠੀਆਂ ਹੁਣ ਆਪਣੇ ਅਜਿਹੇ ਬਿਆਨ ਦੇਣੇ ਬੰਦ ਕਰ ਦੇਣ, ਨਹੀਂ ਤਾਂ ਇਸਦੇ ਨਤੀਜੇ ਬਹੁਤ ਭਿਆਨਕ ਹੋਣਗੇ।
ਉਨ੍ਹਾਂ ਕਿਹਾ ਕਿ ਪਹਿਲਾ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਸੀ ਤੇ ਹੁਣ ਬਿਕਰਮ ਮਜੀਠੀਆਂ ਕਾਤਲ ਦੇ ਹੱਕ ਵਿਚ ਬਿਆਨ ਦੇ ਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਗਲਤ ਸੰਦੇਸ਼ ਦੇ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਕੰਮ ਰਿਹਾ ਹੈ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰੀ ਸੁਰੱਖਿਆ ਕਰਮੀਆਂ ਦੀ ਮੌਜੂਦਗੀ ਵਿਚ ਹੀ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਹੈ, ਜੋ ਕਿ ਪੰਜਾਬ ਪੁਲਿਸ ਤੇ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ।