Site icon TheUnmute.com

ਬਿਕਰਮ ਮਜੀਠੀਆ ਬੋਲ ਰਹੇ ਹਨ ਭਾਜਪਾ ਦੀ ਬੋਲੀ, ਅੰਦਰ ਖਾਤੇ ਹਲੇ ਵੀ ਅਕਾਲੀ-ਭਾਜਪਾ ਇੱਕ: ਮਲਵਿੰਦਰ ਕੰਗ

Malwinder Singh Kang

ਚੰਡੀਗੜ੍ਹ 11 ਨਵੰਬਰ 2022: ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੱਜ ਦੇ ਬਿਆਨਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ‘ਚ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਮੁੜ ਹਾਸਿਲ ਕਰਨ ਲਈ ਐਨਾ ਹੇਠਾਂ ਡਿੱਗ ਗਿਆ ਹੈ ਕਿ ਉਹ ਲਾਸ਼ਾਂ ‘ਤੇ ਪੈਰ ਰੱਖ ਅੱਗੇ ਵਧਣ ਦੀ ਫ਼ਿਰਾਕ ‘ਚ ਹੈ।

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਆਪ ਆਗੂ ਕੰਗ ਨੇ ਕਿਹਾ ਕਿ ਪਹਿਲਾਂ ਭਾਜਪਾ ਸੁਕੇਸ਼ ਚੰਦਰਾਸ਼ੇਖਰ ਵਰਗੇ ਠੱਗ ਦੇ ਬਿਆਨਾਂ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੀ ਸੀ ਅਤੇ ਬਿਕਰਮ ਮਜੀਠੀਆ ਵੀ ਭਾਜਪਾ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਥੋਂ ਸਾਫ ਹੈ ਕਿ ਅਕਾਲੀ-ਭਾਜਪਾ ਅੰਦਰ ਖਾਤੇ ਅੱਜ ਵੀ ਇੱਕੋ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕੀਤਾ ਹੈ।

ਮਲਵਿੰਦਰ ਕੰਗ ਨੇ ਅਕਾਲੀ ਦਲ ਦੇ ਰਾਜ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਅਤੇ ਉਨ੍ਹਾਂ ਨੂੰ ਪੁਸ਼ਤਪਨਾਹੀ ਦੇ ਕੇ ਗੈਂਗਸਟਰ ਬਣਾਇਆ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਕਾਨੂੰਨ ਅਨੁਸਾਰ ਪੰਜਾਬ ਪੱਖੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਿਸੇ ਵੀ ਅਸਮਾਜਿਕ ਤੱਤ ਨੂੰ ਨਹੀਂ ਬਖਸ਼ੇਗੀ ਅਤੇ ਹਮੇਸ਼ਾ ਕਾਨੂੰਨ ਅਨੁਸਾਰ ਫ਼ੈਸਲੇ ਲਵੇਗੀ।

ਕੰਗ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਮਜ਼ਬੂਤ ਹੈ ਅਤੇ ਧਰਮ ਦੇ ਨਾਮ ਰਾਜਨੀਤੀ ਕਰਨ ਵਾਲਿਆਂ ਨੂੰ ਲੋਕਾਂ ਨੇ ਹਮੇਸ਼ਾ ‘ਤੋਂ ਨਾਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਮਸਲੇ ਪੈਦਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅੱਜ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਹੈ।

Exit mobile version