Site icon TheUnmute.com

Bihar: ਸੀਮਤ ਆਰਥਿਕ ਸਾਧਨਾਂ ਦੇ ਬਾਵਜੂਦ ਤਰੱਕੀ ਵੱਲ ਵਧ ਰਿਹੈ ਬਿਹਾਰ: ਸ਼ਰਵਣ ਕੁਮਾਰ

Bihar

ਪਟਨਾ,17 ਜੁਲਾਈ 2024: ਜਨਤਾ ਦਲ (ਯੂ) ਦੇ ਸੂਬਾ ਦਫ਼ਤਰ ਪਟਨਾ ਵਿਖੇ ਕਰਵਾਏ ਗਏ ਜਨ-ਸੁਣਵਾਈ ਪ੍ਰੋਗਰਾਮ ‘ਚ ਬਿਹਾਰ ਸਰਕਾਰ (Bihar Government) ਦੇ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਅਤੇ ਭਵਨ ਨਿਰਮਾਣ ਮੰਤਰੀ ਜਯੰਤ ਰਾਜ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਸਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਵਣ ਕੁਮਾਰ ਨੇ ਵੀ.ਆਈ.ਪੀ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਦੇ ਪਿਓ ਨਾਲ ਵਾਪਰੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਪੂਰੀ ਘਟਨਾ ਦਾ ਨੋਟਿਸ ਲਿਆ ਹੈ। ਛੇਤੀ ਹੀ ਇਸ ਘਟਨਾ ‘ਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨੀਤੀ ਆਯੋਗ ਦੀ ਰਿਪੋਰਟ ‘ਤੇ ਬਿਆਨ ਦਿੰਦੇ ਹੋਏ ਸ਼ਰਵਣ ਕੁਮਾਰ ਨੇ ਕਿਹਾ ਕਿ ਸੀਮਤ ਆਰਥਿਕ ਸਾਧਨਾਂ ਦੇ ਬਾਵਜੂਦ ਬਿਹਾਰ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਖੇਤਰਾਂ ‘ਚ ਬਿਹਤਰ ਕੰਮ ਕਰ ਰਹੀ ਹੈ, ਜਿੱਥੇ ਬਿਹਾਰ ਪਛੜਿਆ ਹੋਇਆ ਹੈ। ਬਿਹਾਰ ਨੂੰ ਕੇਂਦਰ ਸਰਕਾਰ ਤੋਂ ਵੀ ਸਮਰਥਨ ਮਿਲ ਰਿਹਾ ਹੈ ਅਤੇ ਸਾਨੂੰ ਭਵਿੱਖ ਵਿੱਚ ਵੀ ਨਿਰੰਤਰ ਸਮਰਥਨ ਦੀ ਪੂਰੀ ਉਮੀਦ ਹੈ, ਤਾਂ ਹੀ ਬਿਹਾਰ ਵਿਕਸਤ ਰਾਜਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਵੇਗਾ।

ਬਿਹਾਰ ਸਰਕਾਰ (Bihar Government) ਦੇ ਭਵਨ ਨਿਰਮਾਣ ਮੰਤਰੀ ਜਯੰਤ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਜਨਤਾ ਦਲ ਦੇ ਸ਼ਾਸਨ ਦੌਰਾਨ ਮੁੱਖ ਮੰਤਰੀ ਨਿਵਾਸ ਤੋਂ ਅਪਰਾਧਿਕ ਸਾਜ਼ਿਸ਼ਾਂ ਰਚੀਆਂ ਗਈਆਂ ਸਨ, ਜਦੋਂ ਕਿ ਨਿਤੀਸ਼ ਸਰਕਾਰ ਅਪਰਾਧ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਚੱਲਦੀ ਹੈ।

ਉਨ੍ਹਾਂ ਕਿਹਾ ਕਿ ਵੀ.ਆਈ.ਪੀ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਦੇ ਪਿਓ ਦੇ ਕਾਤਲ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ। ਬਿਹਾਰ ਸਰਕਾਰ ਇਸ ਮਾਮਲੇ ‘ਤੇ ਬਹੁਤ ਗੰਭੀਰ ਅਤੇ ਸੰਵੇਦਨਸ਼ੀਲ ਹੈ। ਵਿਸ਼ੇਸ਼ ਰਾਜ ਦੇ ਦਰਜੇ ਬਾਰੇ ਜਯੰਤ ਰਾਜ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਦਾ ਬਿਹਾਰ ਪ੍ਰਤੀ ਹਾਂ-ਪੱਖੀ ਰਵੱਈਆ ਹੈ ਅਤੇ ਇਸ ਦੇ ਨਤੀਜੇ ਵੀ ਛੇਤੀ ਸਾਹਮਣੇ ਆਉਣਗੇ। ਇਸ ਦੌਰਾਨ ਵਿਧਾਇਕ ਸੰਜੇ ਕੁਮਾਰ ਸਿੰਘ ਉਰਫ ਗਾਂਧੀ, ਸਾਬਕਾ ਮੰਤਰੀ ਗੌਤਮ ਸਿੰਘ, ਨਵੀਨ ਆਰੀਆ ਅਤੇ ਲੋਕ ਪ੍ਰਕਾਸ਼ ਸਿੰਘ ਹਾਜ਼ਰ ਸਨ।

Exit mobile version