ਚੰਡੀਗੜ੍ਹ, 08 ਨਵੰਬਰ 2023: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੇ ਬੀਤੇ ਦਿਨ ਦਿੱਤੇ ਆਪਣੇ ਵਿਵਾਦਤ ਬਿਆਨ ਲਈ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਮੈਂ ਇਹ ਬਿਆਨ ਔਰਤਾਂ ਦੇ ਵਿਕਾਸ ਲਈ ਦਿੱਤਾ ਸੀ, ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਇਸ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ ਅਤੇ ਆਪਣੇ ਸ਼ਬਦ ਵਾਪਸ ਲੈਂਦਾ ਹਾਂ।
ਮੁੱਖ ਮੰਤਰੀ ਦੇ ਬਿਆਨ ‘ਤੇ ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਹੰਗਾਮਾ ਕੀਤਾ। ਭਾਜਪਾ ਆਗੂਆਂ ਨੇ ਨਿਤੀਸ਼ ਕੁਮਾਰ (Nitish Kumar) ਤੋਂ ਅਸਤੀਫੇ ਦੀ ਮੰਗ ਵੀ ਕੀਤੀ। ਨਿਤੀਸ਼ ਕੁਮਾਰ ਨੇ ਪੂਰੇ ਸਦਨ ‘ਚ ਮੁਆਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਅਸੀਂ ਹਮੇਸ਼ਾ ਔਰਤਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਾਂ। ਅਸੀਂ ਔਰਤਾਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ।
ਵਿਧਾਨ ਸਭਾ ‘ਚ ਭਾਰੀ ਹੰਗਾਮੇ ਦਰਮਿਆਨ ਸੀਐੱਮ ਨਿਤੀਸ਼ ਕੁਮਾਰ ਨੇ ਕਿਹਾ ਕਿ ਮੈਂ ਨਾ ਸਿਰਫ ਸ਼ਰਮ ਮਹਿਸੂਸ ਕਰ ਰਿਹਾ ਹਾਂ ਸਗੋਂ ਆਪਣੀ ਨਿੰਦਾ ਵੀ ਕਰ ਰਿਹਾ ਹਾਂ। ਨਿਤੀਸ਼ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਕੁਝ ਕਿਹਾ ਹੈ ਅਤੇ ਇਸ ‘ਤੇ ਇੰਨੀ ਨਿੰਦਾ ਹੁੰਦੀ ਹੈ ਤਾਂ ਮੈਂ ਆਪਣੇ ਸ਼ਬਦ ਵਾਪਸ ਲੈਂਦਾ ਹਾਂ। ਜੇਕਰ ਕੋਈ ਮੇਰੀ ਆਲੋਚਨਾ ਕਰਦਾ ਰਹਿੰਦਾ ਹੈ ਤਾਂ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।