ਚੰਡੀਗੜ੍ਹ 11 ਅਗਸਤ 2022: ਪੰਜਾਬ ਪੁਲਿਸ ਵਲੋਂ ਸੂਬੇ ਵਿੱਚ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਮੋਹਾਲੀ ਦੇ ਸੀ.ਆਈ.ਏ ਸਟਾਫ (Mohali CIA staff) ਨੂੰ ਵੱਡੀ ਕਾਮਯਾਬੀ ਮਿਲੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਮਲਾ ਖਰੜ ਵਿੱਚ ਹੋਈ ਲੁੱਟ ਦਾ ਹੈ। ਜਿੱਥੇ ਇਸ ਸਾਲ ਜਨਵਰੀ ਦੇ ਮਹੀਨੇ ਖਰੜ ਮੋਰਿੰਡਾ ਰੋਡ ‘ਤੇ ਗੰਨ ਪੁਆਇੰਟ ‘ਤੇ ਬ੍ਰਿਜ਼ਾ ਕਾਰ ਲੁੱਟ ਲਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਗੈਂਗਸਟਰ ਸੰਪਤ ਨਹਿਰਾ ਦੇ 5 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ‘ਤੇ ਜ਼ੀਰਕਪੁਰ ਦੇ ਵੱਡੇ ਹੋਟਲ ਮਾਲਕਾਂ ਤੋਂ ਫਿਰੌਤੀ ਵਸੂਲਣ ਦਾ ਵੀ ਕਥਿਤ ਦੋਸ਼ ਹੈ।
ਪ੍ਰਾਪਤ ਜਾਣਕਰੀ ਮੁਤਾਬਕ ਪੁਲਿਸ ਨੇ ਇੱਕ ਪਿਸਤੌਲ 30 ਬੋਰ ਸਮੇਤ ਪੰਜ ਜਿੰਦਾ ਕਾਰਤੂਸ ਤੋਂ ਇਲਾਵਾ ਚਾਰ ਪਿਸਤੌਲ 32 ਬੋਰ ਸਮੇਤ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਰਿਵਾਲਵਰ 22 ਬੋਰ ਸਮੇਤ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਿਕਰਯੋਗ ਹੈ ਕਿ ਹੁਸ਼ਿਆਰਪੁਰ ‘ਚ ਗੈਂਗਸਟਰ ਅਸ਼ਵਨੀ ਕੁਮਾਰ ਖਿਲਾਫ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ |