July 7, 2024 4:56 pm
Sidhu Moosewala

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਖ਼ੁਲਾਸਾ, ਮੂਸੇਵਾਲਾ ‘ਤੇ 8 ਵਾਰ ਹਮਲੇ ਦੀ ਹੋਈ ਕੋਸ਼ਿਸ਼

ਚੰਡੀਗੜ੍ਹ 04 ਜੂਨ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ‘ਤੇ 8 ਵਾਰ ਹਮਲੇ ਦੀ ਕੋਸ਼ਿਸ਼ ਹੋਈ ਸੀ ਅਤੇ ਖਤਰੇ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸੁਰੱਖਿਆ ਵਾਪਸ ਲਈ ਗਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਮੇਰੇ ਪੁੱਤ ਨੂੰ 50-60 ਲੋਕ ਮਾਰਨ ‘ਚ ਲੱਗੇ ਹੋਏ ਸੀ। ਸਰਕਾਰ ਨੇ ਸੁਰੱਖਿਆ ਵਾਪਸ ਲੈਣ ਦਾ ਪ੍ਰਚਾਰ ਕੀਤਾ। ਸਾਡੇ ਪਰਿਵਾਰ ਦੀ ਬਾਈ ਨੇਮ ਸਕਿਓਰਿਟੀ ਵਾਪਸ ਲੈ ਲਈ ਗਈ ਅਤੇ ਕੁਝ ਲੋਕ ਮੂਸੇਵਾਲਾ ਦੇ ਕਰੀਅਰ ‘ਤੇ ਵੀ ਕਬਜ਼ਾ ਕਰਨਾ ਚਾਹੁੰਦੇ ਸੀ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਚੋਣ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਮੌਜੂਦਾ ਸਿਸਟਮ ਪਸੰਦ ਨਹੀਂ ਆਇਆ ਸੀ | ਸਿੱਧੂ ਨੇ ਅੱਗੇ ਤੋਂ ਚੋਣ ਨਾ ਲੜਨ ਦੀ ਗੱਲ ਕਹੀ ਸੀ ਪਰ ਸਮਾਜ ਸੇਵਾ ਜਾਰੀ ਰੱਖਣ ਦਾ ਇਰਾਦਾ ਸੀ।

ਉਨ੍ਹਾਂ ਨੇ ਕਿਹਾ ਕਿ ‘ਮੇਰੇ ਪੁੱਤ ਨੇ ਸਧਾਰਨ ਪਰਿਵਾਰ ‘ਚੋਂ ਉਠ ਕੇ ਇੰਨੀ ਤਰੱਕੀ ਕੀਤੀ ਕਿ ਕੁਝ ਲੋਕਾਂ ਦੀਆਂ ਅੱਖਾਂ ‘ਚ ਰੜਕਣ ਲੱਗ ਪਿਆ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰ ਪੈਰਲਰ ਸਰਕਾਰ ਚਲਾ ਰਹੇ ਹਨ। ਇੱਕ ਕੋਲ ਚਲੇ ਜਾਓ, ਤਾਂ ਦੂਜਾ ਆ ਜਾਊ। ਦੂਜੇ ਕੋਲ ਚਲੇ ਜਾਓ, ਤੀਜਾ ਆ ਜਾਊ।’

ਸਿੱਧੂ ਮੂਸੇਵਾਲਾ (Sidhu Moosewala)  ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਬੁਰਜ ਡਲਵਾ ‘ਚ ਸੜਕ ਦਾ ਉਦਘਾਟਨ ਕੀਤਾ।ਜਿਕਰਯੋਗ ਹੈ ਕਿ ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾਂ ਪਾਸ ਕਰਵਾਇਆ ਸੀ, ਅੱਜ ਉਨ੍ਹਾਂ ਦੇ ਪਿਤਾ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿੱਧੂ ਮੂਸਾਵਾਲਾ ਦੇ ਹਲਕੇ ਲਈ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।