July 2, 2024 8:16 am

ਵੱਡੀ ਖਬਰ; ਅਦਾਕਾਰਾ ਸੋਨੀਆ ਮਾਨ ਅਕਾਲੀ ਦਲ ‘ਚ ਹੋ ਸਕਦੇ ਨੇ ਸ਼ਾਮਲ

ਚੰਡੀਗੜ੍ਹ, 11 ਨਵੰਬਰ, ਮੋਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਫਿਲਮ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦੇਵੇਗਾ ਅਤੇ ਇਸ ਵਾਸਤੇ ਅਕਾਲੀ ਦਲ ਨੇ ਮੋਹਾਲੀ ਸੀਟ ਦਾ ਤਬਾਦਲਾ ਅਕਾਲੀ ਦਲ ਦੇ ਹਿੱਸੇ ਆਈ ਰਾਏਕੋਟ ਸੀਟ ਨਾਲ ਕਰਨ ਦਾ ਫੈਸਲਾ ਕੀਤਾ ਹੈ, ਪ੍ਰੰਤੂ ਇਸਦਾ ਐਲਾਨ ਕੁਝ ਦਿਨ ਬਾਅਦ ਵਿੱਚ ਹੋਣ ਦੀ ਸੰਭਾਵਨਾ। ਸੋਨੀਆ ਮਾਨ ਕੱਲ੍ਹ ਨੂੰ ਬਾਅਦ ਦੁਪਹਿਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28 ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼ਾਮਲ ਹੋਣਗੇ।
‘ਦੇਸ਼ ਕਲਿੱਕ’ ਨੇ 14 ਅਕਤੂਬਰ 2021 ਨੂੰ ਸਭ ਤੋਂ ਪਹਿਲਾਂ ਸੋਨੀਆ ਮਾਨ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਖਬਰ ਲਾਈ ਸੀ ਕਿ ਉਹ ਮੋਹਾਲੀ ਤੋਂ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜਨਗੇ। ਸੋਨੀਆ ਮਾਨ ਦਾ ਅਕਾਲੀ ਦਲ ਵਿੱਚ ਆਉਣ ਦਾ ਸਬੱਬ ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਹੈ। ਪਤਾ ਲੱਗਾ ਹੈ ਕਿ ਸੋਨੀਆ ਮਾਨ ਦੀ ਨੇੜਾ ਇਨੈਲੋ ਦੇ ਲੀਡਰ ਅਭੈ ਚੌਟਾਲਾ ਨਾਲ ਹੈ ਅਤੇ ਇਸ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਜੱਗ ਜਾਹਿਰ ਹੈ।
ਸੋਨੀਆ ਮਾਨ ਨੂੰ ਟਿਕਟ ਦੇਣ ਦੀ ਤਿਆਰੀ ਵਜੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਔਰਤ ਆਗੂਆਂ ਅਤੇ ਇਕ ਹੁਣੇ ਹੁਣੇ ਆਜ਼ਾਦ ਗਰੁੱਪ ਛੱਡ ਕੇ ਗਏ ਪਰਮਿੰਦਰ ਸਿੰਘ ਸੋਹਾਣਾ ਨੂੰ ਪਾਰਟੀ ਦੇ ਮੀਤ ਪ੍ਰਧਾਨ ਦਾ ਅਹੁੱਦਾ ਦਿੱਤਾ ਗਿਆ ਹੈ। ਔਰਤਾਂ ਵਿੱਚ ਮੋਹਾਲੀ ਸੀਟ ਉੱਪਰ ਟਿਕਟ ਦਾ ਹੱਕ ਜਿਤਾ ਰਹੀਆਂ ਬੀਬੀ ਪ੍ਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ ਰਾਜ ਮਹਿਲਾ ਕਮਿਸ਼ਨ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਹਨ ਤੇ ਦੂਜੀ ਬੀਬੀ ਕੁਲਦੀਪ ਕੌਰ ਕੰਗ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਮੋਹਾਲੀ ਹਨ। ਇਨ੍ਹਾਂ ਨੂ ਖੁਸ਼ ਕਰਨ ਲਈ ਅਤੇ ਮੋਹਾਲੀ ਹਲਕੇ ’ਚੋਂ ਹਰ ਵਾਰ ਬਾਹਰਲਿਆਂ ਨੂੰ ਟਿਕਟ ਦੇਣ ਦੀ ਰਿਵਾਇਤ ਦੇ ਖਿਲਾਫ ਵਿਰੋਧ ਦੀ ਸੰਭਾਵਨਾ ਨੂੰ ਮੱਠਾ ਕਰਨ ਹਿਤ ਇਹ ਅਹੁਦੇ ਦਿੱਤੇ ਗਏ ਸਮਝੇ ਜਾ ਰਹੇ ਹਨ।
ਹੁਣ ਬਸਪਾ ਵੱਲੋਂ ਇਸ ਹਲਕੇ ਦੇ ਇੰਚਾਰਜ ਲਾਏ ਗਏ ਅਤੇ ਅਕਾਲੀ ਦਲ ਵਿੱਚੋਂ ਬਸਪਾ ’ਚ ਪਲਾਇਨ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਗੁਰਮੀਤ ਸਿੰਘ ਬਾਕਰਪੁਰ ਕੀ ਰੁਖ ਅਖਤਿਆਰ ਕਰਨਗੇ, ਇਹ ਵੀ ਦੇਖਣ ਵਾਲੀ ਗੱਲ ਹੈ। ਇਸ ਸਬੰਧੀ ਗੁਰਮੀਤ ਸਿੰਘ ਬਾਕਰਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਗੱਲ ਦੀ ਜਾਣਕਾਰੀ ਨਹੀਂ, ਪਰ ਜੇ ਪਾਰਟੀਆਂ ਨੇ ਆਪਸੀ ਸਮਝੌਤੇ ’ਚ ਸੀਟ ਤਬਦੀਲ ਕਰ ਲਈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਸੋਨੀਆ ਮਾਨ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਖੱਬੇ ਪੱਖੀ ਲੋਕਾਂ ’ਚ ਹੈਰਾਨੀ ਪਾਈ ਜਾ ਰਹੀ ਹੈ। ਭਾਵੇਂ ਸੋਨੀਆ ਮਾਨ ਪਿਛਲੇ ਲੰਬੇ ਸਮੇਂ ਤੋਂ ਮੁੰਬਈ ਫਿਲਮ ਨਗਰੀ ਵਿੱਚ ਰਹਿ ਰਹੇ ਸਨ, ਪਰ ਉਨ੍ਹਾਂ ਦਾ ਪਿਛੋਕੜ ਖੱਬੇ ਪੱਖੀ ਧਿਰਾਂ ਨਾਲ ਜੜਦਾ ਹੈ। ਉਨ੍ਹਾਂ ਦੇ ਪਿਤਾ ਸਵਰਗੀ ਬਲਦੇਵ ਸਿੰਘ ਮਾਨ ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ ਦੇ ਰਾਜ ਪੱਧਰੇ ਨੇਤਾ ਸਨ ਅਤੇ ਉਹ ਕ੍ਰਿਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਰਹੇ ਹਨ ਅਤੇ ਪਾਰਟੀ ਦੇ ਮੈਗਜੀਨ ‘ਹਰਾਵਲ ਦਸਤਾ’ ਦੇ ਸੰਪਾਦਕ ਵੀ ਸਨ। ਉਨ੍ਹਾਂ ਨੂੰ 26 ਸਤੰਬਰ 1986 ਵਿੱਚ ਖਾਲਿਸਤਾਨੀਆਂ ਨੇ ਕਤਲ ਕਰ ਦਿੱਤਾ ਸੀ। ਉਸ ਸਮੇਂ ਸੋਨੀਆ ਮਾਨ ਸ਼ਾਇਦ ਇਕ ਹਫਤੇ ਦੀ ਹੀ ਸੀ ਅਤੇ ਆਪਣੇ ਪਰਿਵਾਰ ਦੀ ਇਕਲੌਤੀ ਸੰਤਾਨ ਹਨ। ਬਲਦੇਵ ਸਿੰਘ ਮਾਨ ਉਸ ਸਮੇਂ ਦੇ ਨਕਸਲਾਈਟ ਲੀਡਰਾਂ ਵਿੱਚ ਉਭਰਵਾਂ ਨਾਂ ਸਨ ਅਤੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਛੀਨਾ ਬੱਗਾ ਤਹਿਸੀਲ ਅਜਨਾਲਾ ਦੇ ਸਰਪੰਚ ਵੀ ਰਹੇ ਹਨ। ਉਨ੍ਹਾਂ ਨੇ 1980 ਅਤੇ 1985 ਵਿੱਚ ਸੀ ਪੀ ਆਈ ਐਮ ਐਲ (ਨਿਊ ਡੈਮੋਕਰੇਸੀ) ਦੀ ਟਿਕਟ ਉਤੇ ਅਸੈਂਬਲੀ ਦੀ ਚੋਣ ਵੀ ਲੜੀ। ਉਹ ਲੋਕਾਂ ਵਿੱਚ ਇਕ ਹਰਮਨ ਪਿਆਰੇ ਲੀਡਰ ਵਜੋਂ ਜਾਣੇ ਜਾਂਦੇ ਸਨ।