Chandumajra

ਪੰਜਾਬ ਤੋਂ ਬਾਹਰਲੇ ਨੁਮਾਇੰਦਿਆਂ ਨੂੰ ਰਾਜ ਸਭਾ ਮੈਂਬਰ ਲਗਾ ‘ਆਪ’ ਨੇ ਪੰਜਾਬ ਦੀ ਪਿੱਠ ‘ਚ ਮਾਰਿਆ ਛੁਰਾ : ਚੰਦੂਮਾਜਰਾ

ਅੰਮ੍ਰਿਤਸਰ 22 ਮਾਰਚ 2022 : ਵਿਧਾਨ ਸਭਾ ਚੋਣਾਂ ਵਿਚ ਸ਼ੋ੍ਮਣੀ ਅਕਾਲੀ ਦਲ (Shomani Akali Dal) ਦੀ ਹਾਰ ਤੋਂ ਬਾਅਦ ਸਮੀਖਿਆ ਕਮੇਟੀ ਪੰਜਾਬ ਭਰ ਵਿਚ ਜਾ ਕੇ ਹੋਈਆਂ ਕਮਜ਼ੋਰੀਆਂ ਨੂੰ ਲੱਭੇਗੀ ਅਤੇ ਹੋਈਆਂ ਗਲਤੀਆਂ ਦਾ ਸੁਧਾਰ ਕਰਨ ਲਈ ਤਤਪਰ ਹੋਵਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਸਮੇਂ ਸੀਨੀਅਰ ਅਕਾਲੀ ਆਗੂ ਪੋ੍. ਪੇ੍ਮ ਸਿੰਘ ਚੰਦੂਮਾਜਰਾ (Pem Singh Chandumajra) ਨੇ ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੱਤਾ ਦਿੱਤੀ ਸੀ। ਪ੍ਰੰਤੂ ਕੇਜਰੀਵਾਲ ਦੇ ਰਾਜ ਸਭਾ ਮੈਂਬਰਾਂ ਬਾਰੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਹੱਕਾਂ ‘ਤੇ ਕੋਹਾੜਾ ਮਾਰਨ ਲਈ ਦਸਤਾ ਪੰਜਾਬ ਦੇ ਵਿਰੋਧੀਆਂ ਦੇ ਹੱਥ ਫੜਾ ਲਿਆ ਹੈ।

ਪੋ੍. ਚੰਦੂਮਾਜਰਾ (Pem Singh Chandumajra) ਨੇ ਕਿਹਾ ਕਿ ਰਾਜ ਸਭਾ ਅੰਦਰ ਆਬਾਦੀ ਦੇ ਹਿਸਾਬ ਨਾਲ ਨੁਮਾਇੰਦਗੀ ਮਿਲਣ ਕਰਕੇ ਪੰਜਾਬ ਨੂੰ ਪਹਿਲਾਂ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਬਾਕੀ ਸੂਬਿਆਂ ਵਿਚ ਦੋ-ਦੋ ਸਾਲਾਂ ਦੇ ਵਕਫੇ ਨਾਲ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ ਪ੍ਰੰਤੂ ਪੰਜਾਬ ਵਿਚ ਲੰਮਾ ਸਮਾਂ ਗਵਰਨਰੀ ਰਾਜ ਰਹਿਣ ਕਰਕੇ ਇਥੋਂ ਸਾਰੇ ਮੈਂਬਰ ਇੱਕੋ ਵਾਰ ਭੇਜਣ ਕਰਕੇ ਵੀ ਪੰਜਾਬ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੁਮਾਇੰਦਗੀ ਦੇਣ ਦੀ ਨਵੀਂ ਪ੍ਰਥਾ ਪਾ ਕੇ ਕੇਜਰੀਵਾਲ ਨੇ ਇਹ ਗੱਲ ਸੱਚ ਕਰ ਦਿੱਤੀ ਹੈ ਕਿ ਪੰਜਾਬ ਦੀ ਸਰਕਾਰ ਦਾ ਰਿਮੋਟ ਹੁਣ ਦਿੱਲੀ ਹੱਥ ਹੋਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾਉਣ ਨਾਲ ਵੀ ਪੰਜਾਬੀਆਂ ਦੇ ਮਨਾਂ ਨੂੰ ਗਹਿਰੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਲੰਮਾਂ ਸਮਾਂ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਨਹੀਂ ਸੀ ਹੋਇਆ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਕੁਝ ਲੋਕਾਂ ਦੀਆਂ ਗੱਦਾਰੀਆਂ ਕਰਕੇ ਪੰਜਾਬ ਗੁਲਾਮ ਹੋਇਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਚੰਗੇ ਸ਼ਾਸਕ ਵਜੋਂ ਵੇਖਿਆ ਜਾਂਦਾ ਹੈ, ਉਨਾਂ ਦੀ ਤਸਵੀਰ ਉਤਾਰਨੀ ਗਲਤ ਹੈ।

ਉਨ੍ਹਾਂ ਕਿਹਾ ਕਿ ਸਾਰੇ ਸ਼ਹੀਦਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਪਰ ਸ਼ਹੀਦਾਂ ਵਿਚ ਵੰਡੀਆਂ ਪਾ ਕੇ ਸਿਆਸਤ ਕਰਨੀ ਸੂਬੇ ਦੇ ਹਿੱਤ ਵਿਚ ਨਹੀਂ। ਪੋ੍. ਚੰਦੂਮਾਜਰਾ (Pem Singh Chandumajra) ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੇ ਭਾਵੇਂ ਪਾਰਟੀ ਦੇ ਕਹੇ ਅਨੁਸਾਰ ਰਾਜ ਸਭਾ ਮੈਂਬਰਾਂ ਦੀ ਸਿਫਾਰਸ਼ ‘ਤੇ ਦਸਤਖ਼ਤ ਕਰ ਦਿੱਤੇ ਹਨ ਪਰ ਉਹ ਅਪੀਲ ਕਰਦੇ ਹਨ ਕਿ ਉਹ ਪੰਜਾਬੀ ਹੋਣ ਦੇ ਨਾਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਪੰਜਾਬ ਦੇ ਹਿੱਤਾਂ ਲਈ ਪੰਜਾਬੀ ਹੋਣ ਦਾ ਸਬੂਤ ਦੇਣ।

Scroll to Top