ਸੰਗਰੂਰ, 4 ਮਈ 2024: ਸੰਗਰੂਰ (Sangrur) ਦੇ ਹਲਕਾ ਧੂਰੀ ਦੇ ਬਗਲਾ ਮੁਖੀ ਮੰਦਰ ਦੇ ਪੁਜਾਰੀ ਵੱਲੋਂ ਇੱਕ ਨੌਜਵਾਨ ਪੰਡਿਤ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਹਵਨਕੁੰਡ ਦੇ ਹੇਠਾਂ ਦਫ਼ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ ਤੋਂ ਬਾਅਦ ਜਦੋਂ ਨੌਜਵਾਨ ਦਾ ਕੁਝ ਵੀ ਪਤਾ ਨਾ ਲੱਗਾ ਤਾਂ ਸ਼ੱਕ ਦੇ ਉਧਾਰ ਦੇ ਉੱਤੇ ਜਦੋਂ ਬਗਲਾ ਮੁਖੀ ਮੰਦਿਰ ਦੇ ਪੁਜਾਰੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਮੰਦਰ ਦੇ ਪੁਜਾਰੀ ਵੱਲੋਂ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ |
ਜਾਣਕਾਰੀ ਦਿੰਦਿਆਂ ਐਸਐਚਓ ਸੌਰਵ ਸਬਰਵਾਲ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਵੱਲੋਂ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਨੂੰ ਹਵਨਕੁੰਡ ਦੇ ਹੇਠਾਂ ਹੀ ਦਬਾ ਦਿੱਤਾ ਸੀ ਸਾਡੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਮੰਦਰ ਦੇ ਪੁਜਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਵੱਲੋਂ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ | ਉਕਤ ਮ੍ਰਿਤਕ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਮੰਦਰ ਵਿੱਚ ਹੀ ਸੇਵਾ ਕਰ ਰਿਹਾ ਸੀ | ਕਤਲ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ | ਮ੍ਰਿਤਕ ਆਪਣੇ ਪਿੱਛੇ ਆਪਣੀ ਇੱਕ ਭੈਣ ਤੇ ਬੁੱਢੇ ਮਾਂ ਬਾਪ ਨੂੰ ਛੱਡ ਗਿਆ ਹੈ |