July 2, 2024 10:13 pm
ਪ੍ਰਧਾਨ ਮੰਤਰੀ ਮੋਦੀ

ਵੱਡੀ ਖ਼ਬਰ : ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਲੈ CM ਚੰਨੀ ਨੇ ਦਿੱਤਾ ਬਿਆਨ

ਚੰਡੀਗੜ੍ਹ, 5 ਜਨਵਰੀ 2022 : ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਵੇਖੋ -ਵੱਖ ਸਿਆਸੀ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਹਨ | ਜਿੱਥੇ ਇੱਕ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਸੁਰੱਖਿਆ ‘ਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਹੋਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਆਉਣ ਦੀ ਸੂਚਨਾ ਮਿਲ ਗਈ ਸੀ ਅਤੇ ਉਨ੍ਹਾਂ ਨੇ ਬੀਤੀ ਰਾਤ ਹੀ ਸਾਰੇ ਰੋਡ ਖ਼ਾਲੀ ਕਰਵਾ ਦਿੱਤੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹਵਾਈ ਮਾਰਗ ਰਾਹੀਂ ਆਉਣ ਦਾ ਸੀ ਪਰ ਉਨ੍ਹਾਂ ਨੇ ਮੀਂਹ ਕਾਰਨ ਅਚਾਨਕ ਸੜਕੀ ਮਾਰਗ ਰਾਹੀਂ ਆਉਣ ਦਾ ਪ੍ਰੋਗਰਾਮ ਬਣਾ ਲਿਆ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਅਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਮਿਲਣ ਦੀ ਚਾਹ ਹੋਵੇ ਤਾਂ ਫਿਰ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਕੋਲ ਪਹੁੰਚ ਹੀ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਫਿਰੋਜ਼ਪੁਰ ‘ਚ ਵੱਡੀ ਰੈਲੀ ਤਾਂ ਰੱਖ ਲਈ ਪਰ ਉੱਥੇ ਇਕੱਠ ਨਹੀਂ ਹੋਇਆ, ਜਿਸ ਕਾਰਨ ਹੁਣ ਰੈਲੀ ਰੱਦ ਹੋਣ ਦਾ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਅਣਗਹਿਲੀ ਨੂੰ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਅਣਗਹਿਲੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਦੀ ਰੈਲੀ ਬਾਰੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਦੱਸਿਆ ਗਿਆ ਸੀ ਤਾਂ ਫਿਰ ਅਜਿਹਾ ਕਿਉਂ ਹੋਇਆ।