ਚੰਡੀਗੜ੍ਹ 05 ਨਵੰਬਰ 2022: ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਕੱਤਰ ਇੰਚਾਰਜ ਹਿਮਾਂਸ਼ੂ ਵਿਆਸ (Himanshu Vyas) ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।ਗੁਜਰਾਤ ਕਾਂਗਰਸ ਦੇ ਸਕੱਤਰ ਹਿਮਾਂਸ਼ੂ ਵਿਆਸ ਨੇ ਵੀ ਓਵਰਸੀਜ਼ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਿਮਾਂਸ਼ੂ ਵਿਆਸ ਨੇ ਆਪਣਾ ਅਸਤੀਫਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ।
ਹੁਣ ਉਹ ਜਲਦੀ ਹੀ ਭਾਜਪਾ ‘ਚ ਸ਼ਾਮਲ ਹੋਣਗੇ। ਹਿਮਾਂਸ਼ੂ ਵਿਆਸ ਸੁਰਿੰਦਰਨਗਰ ਦੀ ਵਡਵਾਨ ਸੀਟ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ, ਹਾਲਾਂਕਿ ਉਹ ਦੋਵੇਂ ਵਾਰ ਭਾਜਪਾ ਉਮੀਦਵਾਰ ਤੋਂ ਹਾਰ ਗਏ ਸਨ। ਹਿਮਾਂਸ਼ੂ ਵਿਆਸ ਨੂੰ ਸੈਮ ਪਿਤਰੋਦਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਹਿਮਾਂਸ਼ੂ ਵਿਆਸ (Himanshu Vyas) ਨੇ ਦੋਸ਼ ਲਾਇਆ ਕਿ ਕਾਂਗਰਸ ਵਿੱਚ ਸਾਡੀ ਗੱਲ ਨਹੀਂ ਸੁਣੀ ਜਾਂਦੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਮਿਲਣਾ ਔਖਾ ਹੈ, ਦਿੱਲੀ ਵਿੱਚ ਬਹੁਤ ਘੱਟ ਲੋਕ ਮਿਲ ਪਾਉਂਦੇ ਹਨ। ਹਿਮਾਂਸ਼ੂ ਵਿਆਸ ਨੇ ਕਿਹਾ ਕਿ ਗੁਜਰਾਤ ‘ਚ ਭਾਜਪਾ ਦੀ ਜਿੱਤ ਹੋ ਰਹੀ ਹੈ ਅਤੇ ਮੁੜ ਸਰਕਾਰ ਬਣਨ ਜਾ ਰਹੀ ਹੈ, ਗੁਜਰਾਤ ‘ਚ ‘ਆਪ’ ਦੇ ਆਉਣ ਨਾਲ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ |