ਚੰਡੀਗੜ੍ਹ 26 ਜੁਲਾਈ 2022: ਲਖੀਮਪੁਰ ਖੀਰੀ ਹਿੰਸਾ (Lakhimpur Kheri Violence) ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ | ਹਾਈਕੋਰਟ ਨੇ ਲਖੀਮਪੁਰ ਖੇੜੀ ਮਾਮਲੇ ‘ਚ ਆਸ਼ੀਸ਼ ਮਿਸ਼ਰਾ (Ashish Mishra) ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ | ਇਸਦੇ ਨਾਲ ਹੀ ਆਸ਼ੀਸ਼ ਮਿਸ਼ਰਾ ਨੂੰ ਫਿਲਹਾਲ ਜੇਲ ‘ਚ ਹੀ ਰਹਿਣਾ ਪਵੇਗਾ।
ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਲਖੀਮਪੁਰ ਮਾਮਲੇ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਮੁਲਜ਼ਮ ਦੀ ਕਾਰ ਉਥੇ ਮੌਜੂਦ ਸੀ, ਇਹ ਸਭ ਤੋਂ ਵੱਡਾ ਤੱਥ ਹੈ। ਇਹ ਮਾਮਲਾ ਘਿਨਾਉਣੇ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਆਸ਼ੀਸ਼ ਮਿਸ਼ਰਾ ਵੱਲੋਂ ਸੀਨੀਅਰ ਵਕੀਲ ਗੋਪਾਲ ਚਤੁਰਵੇਦੀ, ਪੀੜਤਾਂ ਵੱਲੋਂ ਕਮਲਜੀਤ ਰੱਖੜਾ, ਸੂਬਾ ਸਰਕਾਰ ਵੱਲੋਂ ਏਏਜੀ ਵਿਨੋਦ ਸ਼ਾਹੀ ਹਾਜ਼ਰ ਸਨ।
ਕੀ ਹੈ ਪੂਰਾ ਮਾਮਲਾ ?
ਲਖੀਮਪੁਰ ਖੀਰੀ ਜ਼ਿਲ੍ਹੇ ’ਚ ਪਿਛਲੇ ਸਾਲ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਇਲਾਕੇ ਦੇ ਦੌਰੇ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਹੈ। ਕੁਝ ਕਿਸਾਨ ਕੇਸ਼ਵ ਪ੍ਰਸਾਦ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ, ਜਿਸ ’ਤੇ ਤੇਜ਼ ਰਫ਼ਤਾਰ ’ਚ ਇਕ ਐੱਸਯੂਵੀ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ। ਹਿੰਸਾ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਇਕ ਡਰਾਈਵਰ ਅਤੇ ਦੋ ਭਾਜਪਾ ਵਰਕਰਾਂ ਨੂੰ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਦੋਸ਼ ਹੈ ਕਿ ਇਸ ਕਾਰ ਨੂੰ ਆਸ਼ੀਸ਼ ਮਿਸ਼ਰਾ (Ashish Mishra) ਚਲਾ ਰਿਹਾ ਸੀ।