NIA

NIA ਵਲੋਂ ਗੈਂਗਸਟਰਾਂ ਖ਼ਿਲਾਫ ਵੱਡੀ ਕਾਰਵਾਈ, ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਸਮੇਤ 50 ਟਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ 12 ਸਤੰਬਰ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਯਾਨੀ ਸੋਮਵਾਰ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਸਮੇਤ ਦਿੱਲੀ, ਐਨਸੀਆਰ, ਹਰਿਆਣਾ ਦੀਆਂ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ |

ਐਨਆਈਏ ਦੀਆਂ ਟੀਮਾਂ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਪਹੁੰਚ ਚੁੱਕੀਆਂ ਹਨ। ਐਨਆਈਏ ਵਲੋਂ ਇੱਥੇ ਗੈਂਗਸਟਰਾਂ ਦੀ ਭਾਲ ਕੀਤੀ ਜਾ ਰਹੀ ਹੈ।ਇਸਦੇ ਨਾਲ ਹੀ NIA ਨੇ ਇਸ ਮਾਮਲੇ ‘ਚ ਨੀਰਜ ਬਵਾਨਾ, ਲਾਰੈਂਸ ਬਿਸ਼ਨੋਈ ਅਤੇ ਤਾਜਪੁਰੀਆ ਗੈਂਗ ਨਾਲ ਜੁੜੇ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਸਦੇ ਨਾਲ ਹੀ NIA ਦਾ ਕਹਿਣਾ ਹੈ ਕਿ ਕੁਝ ਗੈਂਗਸਟਰ ਜੇਲ੍ਹਾਂ ਵਿੱਚੋਂ ਵੀ ਗੈਂਗ ਚਲਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ NIA ਨੇ ਪੰਜਾਬ ‘ਚ ਗੈਂਗਸਟਰਾਂ ਦੇ 25 ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਹੈ। ਇਨ੍ਹਾਂ ‘ਚ ਫਾਜ਼ਿਲਕਾ ਦੇ ਪਿੰਡ ਦੁਤਰਾਂਵਾਲੀ ‘ਚ ਸਥਿਤ ਗੈਂਗਸਟਰ ਲਾਰੈਂਸ ਦੇ ਘਰ, ਮੁਕਤਸਰ ‘ਚ ਗੋਲਡੀ ਬਰਾੜ ਦੇ ਘਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਸ੍ਰੀ ਮੁਕਤਸਰ ਸਾਹਿਬ ਵਿਚ ਵੀ ਟੀਮ ਵਲੋਂ ਦੋ ਵੱਖ-ਵੱਖ ਥਾਵਾਂ ਬਾਗ ਵਾਲੀ ਗਲੀ ਅਤੇ ਆਦੇਸ਼ ਨਗਰ ਵਿਚ ਛਾਪੇਮਾਰੀ ਕੀਤੀ ਗਈ |

ਇਸਦੇ ਨਾਲ ਹੀ ਗੈਂਗਸਟਰ ਵਿਨੈ ਦਿਓਡਾ ਦੇ ਕੋਟਕਪੂਰਾ ਸਥਿਤ ਘਰ, ਫੈਕਟਰੀ ਅਤੇ ਅੰਮ੍ਰਿਤਸਰ ‘ਚ ਗੈਂਗਸਟਰ ਸ਼ੁਭਮ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਲੁਧਿਆਣਾ ‘ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਛਾਪਾ ਮਾਰਿਆ ਗਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰੇ ਗੈਂਗਸਟਰਾਂ ਦੇ ਅੱਤਵਾਦੀਆਂ ਨਾਲ ਸਬੰਧ ਹਨ। ਉਨ੍ਹਾਂ ਨੂੰ ਹਥਿਆਰ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਮੁਹੱਈਆ ਕਰਵਾਏ ਜਾ ਰਹੇ ਹਨ। ਮੂਸੇਵਾਲਾ ਦੇ ਕਤਲ ਵਿੱਚ ਪਾਕਿਸਤਾਨ ਤੋਂ ਹਥਿਆਰਾਂ ਦਾ ਵੀ ਸ਼ੱਕ ਹੈ। ਇਸ ਤੋਂ ਇਲਾਵਾ ਇਹ ਵੀ ਸ਼ੱਕ ਹੈ ਕਿ ਅੱਤਵਾਦੀਆਂ ਦੇ ਇਸ਼ਾਰੇ ‘ਤੇ ਉਹ ਦੇਸ਼ ਦਾ ਮਾਹੌਲ ਖਰਾਬ ਕਰ ਸਕਦੇ ਹਨ ਅਤੇ ਭਾਰਤ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਸਕਦੇ ਹਨ।

Scroll to Top