ਬਟਾਲਾ 28 ਨਵੰਬਰ 2022: ਜ਼ਿਲ੍ਹਾ ਬਟਾਲਾ ਦੀ ਪੁਲਿਸ (Batala police) ਨੂੰ ਗੈਂਗਸਟਰਵਾਦ ਦੇ ਖ਼ਿਲਾਫ ਵੱਡੀ ਕਾਮਯਾਬੀ ਮਿਲੀ ਹੈ | ਪੁਲਿਸ ਨੇ ਦੋ ਕਥਿਤ ਗੈਂਗਸਟਰਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਹੈ | ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਸੁਖਰਾਜ ਇੱਕ ਮਹੀਨਾ ਪਹਿਲਾਂ ਹੀ ਤਿਹਾੜ ਜੇਲ ਤੋਂ ਜ਼ਮਾਨਤ ‘ਤੇ ਆਇਆ ਸੀ | ਇਨ੍ਹਾਂ ਵਿੱਚੋਂ ਇੱਕ ਸੁਖਰਾਜ ਪਹਿਲਾਂ ਹੀ ਸੱਤ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਹੈ |
ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸ਼ੂਰਤ ਮੱਲੀ ਦੀ ਪੁਲਿਸ ਟੀਮ ਵਲੋਂ ਦੋ ਇਨ੍ਹਾਂ ਕਥਿਤ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ | ਥਾਣਾ ਕੋਟਲੀ ਸ਼ੂਰਤ ਮੱਲੀ ਦੇ ਥਾਣਾ ਪ੍ਰਭਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੇਚੱਕ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਫੋਨ ਆਇਆ ਕੇ ਦੋ ਨੌਜਵਾਨ ਪਿੰਡ ਵਿਚ ਉਹਨਾਂ ਦੇ ਬੇਟੇ ਜਸ਼ਨਦੀਪ ਦੀ ਕੁੱਟਮਾਰ ਕਰ ਰਹੇ ਸਨ ਅਤੇ ਜਦੋਂ ਸੁਖਦੇਵ ਸਿੰਘ ਨੇ ਵਿਚ ਪੈ ਕੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿਸਟਲ ਨਹੀਂ ਚੱਲੀ | ਉਨ੍ਹਾਂ ਨੇ ਓਥੋਂ ਭੱਜ ਕੇ ਆਪਣੀ ਜਾਨ ਬਚਾਈ |
ਪਰ ਉਕਤ ਦੋਵੇ ਨੌਜਵਾਨ ਭੱਜ ਕੇ ਪਿੰਡ ਵਿਚ ਬਲਵਿੰਦਰ ਸਿੰਘ ਦੇ ਘਰ ਛੱਤ ਉਤੇ ਬਣੇ ਕਮਰੇ ਵਿਚ ਲੁਕ ਗਏ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕੇ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਦੋਨੋ ਨੌਜਵਾਨ ਜਿਹਨਾਂ ਵਿਚੋਂ ਇਕ ਬਦਮਾਸ਼ ਸੁਖਰਾਜ ਸਿੰਘ ਵਾਸੀ ਪਿੰਡ ਪੱਡਾ ਹਲਕਾ ਡੇਰਾ ਬਾਬਾ ਨਾਨਕ ਅਤੇ ਦੂਸਰਾ ਬਦਮਾਸ਼ ਮਰਿੰਦਰ ਸਿੰਘ ਵਾਸੀ ਨਿਕੋ ਸਰਾਂ ਹਲਕਾ ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਕੀਤਾ ਗਿਆ |
ਇਨ੍ਹਾਂ ਕੋਲੋ 1 ਪਿਸਟਲ 32 ਬੋਰ ਛੇ ਜਿੰਦਾ ਰੋਂਦ ਅਤੇ ਇਕ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰ ਬਰਾਮਦ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੋਵਿਆਂ ਉਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਗ੍ਰਿਫਤਾਰ ਸੁਖਰਾਜ ਸਿੰਘ ਨੇ ਖੁਦ ਕਬੂਲਦੇ ਹੋਏ ਕਿਹਾ ਕਿ ਉਹ ਪਿੰਡ ਰਾਜੇਚੱਕ ਦੇ ਜਸ਼ਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗੋਲੀਆਂ ਮਾਰਨ ਗਏ ਸੀ, ਕਿਉਂਕਿ ਜਸ਼ਨਦੀਪ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਰ ਕਿਸਮਤ ਨਾਲ ਉਹ ਬੱਚ ਗਿਆ ਅਤੇ ਪੁਲਿਸ ਨੇ ਸਾਨੂੰ ਕਾਬੂ ਕਰ ਲਿਆ ਸੁਖਰਾਜ ਨੇ ਦੱਸਿਆ ਕਿ ਉਹ ਗੋਲੀ ਗਰੁਪ ਨਾਲ ਸੰਬੰਧਿਤ ਹੈ ਅਤੇ ਉਸ ਉਪਰ ਦਿੱਲੀ ਅਤੇ ਪੰਜਾਬ ਸਮੇਤ 7 ਕੇਸ ਦਰਜ ਹਨ |