Site icon TheUnmute.com

ਬਟਾਲਾ ‘ਚ ਵੱਡੀ ਵਾਰਦਾਤ, ਹੋਟਲ ‘ਚ ਬੈਠੇ ਨੌਜਵਾਨਾਂ ‘ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ

Batala

ਬਟਾਲਾ (Batala) ‘ਚ ਗੁੰਡਾਗਰਦੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਵਡਾਲਾ ਬਾਂਗਰ ‘ਚ ਵਾਪਰਿਆ ਹੈ, ਜਿੱਥੇ ਇਕ ਹੋਟਲ ‘ਚ ਬੈਠੇ ਕੁਝ ਨੌਜਵਾਨਾਂ ‘ਤੇ 8 ਤੋਂ 10 ਨੌਜਵਾਨਾਂ ਨੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਦੌਰਾਨ ਗੋਲੀਆਂ ਲੱਗਣ ਕਾਰਨ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਘਟਨਾ ਦੌਰਾਨ ਦੋ ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (34) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਬਟਾਲਾ (Batala) ਨੇੜਲੇ ਪਿੰਡ ਸ਼ਾਹਪੁਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵਿੰਦਰ ਸਿੰਘ ਦੇ ਭਰਾ ਇੰਦਰਜੀਤ ਸਿੰਘ (Inderjit Singh) ਨੇ ਦੱਸਿਆ ਕਿ ਉਨ੍ਹਾਂ ਨੂੰ ਵਡਾਲਾ ਬਾਂਗਰ ਤੋਂ ਫੋਨ ਆਇਆ ਕਿ ਇੱਥੇ ਅਹਾਤੇ ‘ਤੇ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਤੋਂ ਬਾਅਦ ਉਹ ਤੇਜ਼ੀ ਨਾਲ ਵਡਾਲਾ ਬਾਂਗਰ ਆ ਗਏ। ਅਹਾਤੇ ਵਿਚ ਪਹੁੰਚ ਕੇ ਦੇਖਿਆ ਕਿ ਉਸ ਦੇ ਭਰਾ ਦੀ ਛਾਤੀ ਵਿਚ ਗੋਲੀ ਲੱਗੀ ਸੀ ਜਦਕਿ ਉਸ ਦੇ ਦੋ ਹੋਰ ਸਾਥੀ ਜ਼ਖ਼ਮੀ ਹੋ ਗਏ ਸਨ।

ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਦੇ ਸਿਰ ਵਿੱਚ ਗੋਲੀ ਲੱਗੀ ਹੈ। ਹਮਲਾਵਰਾਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕਰ ਦਿੱਤਾ। ਗੋਲੀ ਲੱਗਣ ਕਾਰਨ ਉਸ ਦੇ ਭਰਾ ਜਸਵਿੰਦਰ ਸਿੰਘ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਕੁਝ ਲੋਕਾਂ ਨਾਲ ਰੰਜ਼ਿਸ਼ ਸੀ ਪਰ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਕੌਣ ਸਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਸਿਵਲ ਹਸਪਤਾਲ ਬਟਾਲਾ ਦੇ ਡਾ: ਪਾਰਥ ਨੇ ਜ਼ਖਮੀ ਨੌਜਵਾਨਾਂ ਦਾ ਇਲਾਜ ਕਰਨ ਉਪਰੰਤ ਦੱਸਿਆ ਕਿ ਹਸਪਤਾਲ ‘ਚ 3 ਨੌਜਵਾਨਾਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ‘ਚੋਂ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ | 2 ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

Exit mobile version