Site icon TheUnmute.com

ਬਰਿੰਦਰ ਕੁਮਾਰ ਗੋਇਲ ਵੱਲੋਂ ਮਾਈਨਿੰਗ ਸੈਕਟਰ ‘ਚ ਵਿਆਪਕ ਸੁਧਾਰਾਂ ਦੀ ਸ਼ੁਰੂਆਤ

Mining

ਚੰਡੀਗੜ੍ਹ, 27 ਸਤੰਬਰ 2024: ਪੰਜਾਬ ਦੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਦਿਨ ਹੀ ਅੱਜ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਨੂੰ ਪਹਿਲਕਦਮੀ ਕਰਦਿਆਂ ਵਿਭਾਗ ਦੇ ਕੰਮ ‘ਚ ਪਾਰਦਰਸ਼ਤਾ ਲਿਆਉਣ ਵੱਲ ਧਿਆਨ ਦਿੱਤਾ ਹੈ।

ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ‘ਚ ਮਾਈਨਿੰਗ (Mining) ਗਤੀਵਿਧੀਆਂ ਨਾਲ ਸੰਬੰਧਿਤ ਏਕੀਕ੍ਰਿਤ ਆਈ.ਟੀ. ਉਪਾਵਾਂ ਨੂੰ ਲਾਗੂ ਕਰਨ ਲਈ ਇਹ ਵਚਨਬੱਧਤਾ ਪ੍ਰਗਟਾਈ ਹੈ । ਉਨ੍ਹਾਂ ਨੇ ਵਰਕਸ਼ਾਪ ਦੌਰਾਨ ਉਪਾਵਾਂ ਅਤੇ ਨਵੀਨਤਮ ਤਕਨੀਕੀ ਪ੍ਰਣਾਲੀਆਂ ਬਾਰੇ ‘ਦਿਲਚਸਪੀ ਦਾ ਪ੍ਰਗਟਾਵਾ’ ਕੀਤਾ ਹੈ । ਇਸ ਮੌਕੇ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਾਡਾ ਉਦੇਸ਼ ਪੰਜਾਬ ‘ਚ ਖਣਿਜਾਂ ਦੀ ਸਹੀ ਲੇਖਾ-ਜੋਖਾ ਯਕੀਨੀ ਬਣਾਉਣਾ ਅਤੇ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ ਬਣਾ ਕੇ ਵੱਧ ਤੋਂ ਵੱਧ ਮਾਲੀਆ ਪੈਦਾ ਕਰਨਾ ਹੈ।

ਇਨ੍ਹਾਂ ਨਵੀਆਂ ਪਹਿਲਕਦਮੀਆਂ ਦੇ ਉਦੇਸ਼ਾਂ ਬਾਰੇ ਮੰਤਰੀ ਨੇ ਕਿਹਾ ਕਿ ਇਸ ਪ੍ਰਣਾਲੀ ਨੂੰ ਅਪਣਾ ਕੇ, ਅਸੀਂ ਇੱਕ ਠੋਸ ਢਾਂਚਾ ਲਾਗੂ ਕਰਾਂਗੇ ਜੋ ਕੱਚੇ/ਪ੍ਰੋਸੈਸ ਕੀਤੇ ਖਣਿਜਾਂ ਦੀ ਸਹੀ ਟਰੈਕਿੰਗ ਅਤੇ ਰਿਕਾਰਡਿੰਗ ਦੀ ਸਹੂਲਤ ਦੇਵੇਗਾ ਅਤੇ ਨਾਲ ਹੀ ਇਹ ਯਕੀਨੀ ਬਣਾਏਗਾ ਕਿ ਇਹ ਸੂਬੇ ਦੀ ਮਾਲੀਆ ਜੁਟਾਉਣ ਦੀ ਨੀਤੀ ਦੇ ਅਨੁਸਾਰ ਵਿੱਤੀ ਅਖੰਡਤਾ ਨੂੰ ਕਾਇਮ ਰੱਖਣ ਅਤੇ ਪੰਜਾਬ ਦੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ।

ਬਰਿੰਦਰ ਕੁਮਾਰ ਗੋਇਲ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਵਿਭਾਗ ਦੀਆਂ ਸਾਰੀਆਂ ਨੀਤੀਆਂ ‘ਚ ਪੜਾਅਵਾਰ ਅਤੇ ਯੋਜਨਾਬੱਧ ਤਰੀਕੇ ਨਾਲ ਤਕਨੀਕਾਂ ਨੂੰ ਲਾਗੂ ਕਰਕੇ ਸੁਧਾਰ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਵਿਭਾਗ ਗੈਰ-ਕਾਨੂੰਨੀ ਮਾਈਨਿੰਗ (Mining) ਗਤੀਵਿਧੀਆਂ ਨੂੰ ਰੋਕਣ ਅਤੇ ਪੰਜਾਬ ਦੇ ਮਾਲੀਏ ‘ਚ ਵਾਧਾ ਕਰਨ ਲਈ ਮੌਜੂਦਾ ਪ੍ਰਣਾਲੀ ‘ਚ ਤਕਨੀਕੀ ਸੋਧਾਂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਦੇ ਪਹਿਲੇ ਪੜਾਅ ਤਹਿਤ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਆਧਾਰ ‘ਤੇ ਭਾਰ-ਤੋਲਕ ਕੰਡੇ ਸਥਾਪਿਤ ਕੀਤੇ ਜਾ ਰਹੇ ਹਨ।

ਜਿਕਰਯੋਗ ਹੈ ਕਿ ਇਸ ਪਹਿਲਕਦਮੀ ਤਹਿਤ 12 ਬਹੁ-ਰਾਸ਼ਟਰੀ ਕੰਪਨੀਆਂ ਨੇ ਮਾਈਨਿੰਗ (Mining) ਅਤੇ ਭੂ-ਵਿਗਿਆਨ ਵਿਭਾਗ ਨਾਲ ਸਹਿਯੋਗ ਕਰਨ ‘ਚ ਦਿਲਚਸਪੀ ਦਿਖਾਈ ਹੈ। ਚੰਡੀਗੜ੍ਹ ‘ਚ ਕਰਵਾਈ ‘ਐਕਸਪ੍ਰੈਸ਼ਨ ਆਫ ਇੰਟਰਸਟ’ ਵਰਕਸ਼ਾਪ ਦੌਰਾਨ ਵਿਭਾਗ ਨੇ ਛੇ ਫਲਾਇੰਗ ਟੀਮਾਂ ਦੇ ਗਠਨ ਦਾ ਐਲਾਨ ਵੀ ਕੀਤਾ, ਜੋ ਹਾਈ-ਟੈਕ ਲਾਈਵ ਕਵਰੇਜ ਸਮਰੱਥਾਵਾਂ ਨਾਲ ਲੈਸ ਹੋਣਗੀਆਂ ਅਤੇ ਸਰਕਾਰੀ ਹੈੱਡਕੁਆਰਟਰ ਦੁਆਰਾ ਨਿਗਰਾਨੀ ਕੀਤੀ ਜਾਵੇਗੀ।

ਬਰਿੰਦਰ ਗੋਇਲ ਨੇ ਦੱਸਿਆ ਕਿ ਪੰਜਾਬ ‘ਚ ਪ੍ਰੋਸੈਸਡ ਸਮੱਗਰੀ ਨੂੰ ਨਿਯਮਤ ਕਰਨ ਲਈ ਵਿਆਪਕ ਕਦਮ ਚੁੱਕਦੇ ਹੋਏ ਵਿਭਾਗ ਨੇ ਪੀ.ਪੀ.ਪੀ. ਅਧਾਰ ‘ਤੇ ਲਗਭਗ 101 ਰਣਨੀਤਕ ਥਾਵਾਂ ‘ਤੇ ਕੰਡੇ, ਬੂਮ ਬੈਰੀਅਰ, ਐਡਵਾਂਸਡ ਕੈਮਰਾ ਸਿਸਟਮ (ਏ.ਐਨ.ਪੀ.ਆਰ/ਪੀ.ਟੀ.ਜੈਡ/ਆਈ.ਪੀ/ਵੈਰੀਫੋਕੋਲ), ਪ੍ਰੀਪੇਡ ਸਹੂਲਤਾਂ ਵਾਲੇ ਆਰ.ਐਫ.ਆਈ.ਡੀ ਰੀਡਰ ਅਤੇ ਆਰ.ਐਫ.ਆਈ.ਡੀ ਟੈਗ ਲਗਾਉਣ ਦੀ ਤੇਜਵੀਜ ਪੇਸ਼ ਕੀਤੀ ਹੈ। ਇਸ ਪਹਿਲਕਦਮੀ ਦਾ ਮਕਸਦ ਕਰੱਸ਼ਰ ਯੂਨਿਟਾਂ ਤੋਂ ਪ੍ਰੋਸੈਸਡ ਸਮੱਗਰੀ ਦਾ ਲੇਖਾ-ਜੋਖਾ ਕਰਨ ਸੰਬੰਧੀ ਮੌਜੂਦਾ ਪ੍ਰਣਾਲੀ ਵਿਚਲੀਆਂ ਖਾਮੀਆਂ ਨੂੰ ਦੂਰ ਕਰਨਾ ਸ਼ਾਮਲ ਹੈ।

ਇਸ ਪ੍ਰਗਤੀਸ਼ੀਲ ਪਹੁੰਚ ਦੇ ਤਹਿਤ, ਵੱਖ-ਵੱਖ ਆਈਟੀ ਕੰਪਨੀਆਂ ਅਤੇ ਫਰਮਾਂ ਨੇ ਵਿਭਾਗ ਦੇ ਕਾਰਜਾਂ ‘ਚ ਕੁਸ਼ਲਤਾ ਵਧਾਉਣ ਲਈ ਕਈ ਤਰ੍ਹਾਂ ਦੇ ਹਾਰਡਵੇਅਰ ਅਤੇ ਸਾਫਟਵੇਅਰ ਹੱਲਾਂ ਸਮੇਤ ਨਿਗਰਾਨੀ ਅਤੇ ਪ੍ਰਬੰਧਨ ਗਤੀਵਿਧੀਆਂ ਨਾਲ ਸੰਬੰਧਿਤ ਆਪਣੇ ਪ੍ਰਸਤਾਵ ਪੇਸ਼ ਕੀਤੇ ਹਨ ।

Exit mobile version