Site icon TheUnmute.com

ਪੰਜਾਬ ਸਟੇਟ ਹੈਲਥ ਏਜੰਸੀ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਲਈ ਲਗਾਏਗੀ ਵਿਸ਼ੇਸ਼ ਕੈਂਪ

AYUSHMAN

ਚੰਡੀਗੜ੍ਹ, 15 ਸਤੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਸਟੇਟ ਹੈਲਥ ਏਜੰਸੀ 17 ਸਤੰਬਰ ਤੋਂ 2 ਅਕਤੂਬਰ ਤੱਕ ਵਿਸ਼ੇਸ਼ ਮੁਹਿੰਮ “ਆਯੂਸ਼ਮਾਨ (AYUSHMAN) ਆਪਕੇ ਦੁਆਰ” ਸ਼ੁਰੂ ਕਰੇਗੀ, ਜਿਸ ਦੇ ਤਹਿਤ ਯੋਗ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ-ਮੁਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਮੁਹਿੰਮ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸ਼ੁਰੂ ਕੀਤੀ ਗਈ ‘ਆਯੂਸ਼ਮਾਨ ਭਵ’ ਦਾ ਹਿੱਸਾ ਹੈ।

ਇਸ ਪ੍ਰਮੁੱਖ ਬੀਮਾ ਯੋਜਨਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ, ਸਟੇਟ ਹੈਲਥ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਕਿਹਾ ਕਿ ਇਹ ਸਕੀਮ ਸੂਬੇ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ ਹਰੇਕ ਪਰਿਵਾਰ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਇਲਾਜ ਦੀ ਸਹੂਲਤ ਪ੍ਰਦਾਨ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਲਗਭਗ 1600 ਕਿਸਮਾਂ ਦੇ ਇਲਾਜ ਕਰਵਾਏ ਜਾ ਸਕਦੇ ਹਨ, ਜਿਸ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਪੰਦਰਵਾੜਾ ਮੁਹਿੰਮ ਤਹਿਤ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਯੋਗ ਲਾਭਪਾਤਰੀ ਮੁਫ਼ਤ ਸਿਹਤ ਬੀਮਾ ਕਵਰੇਜ ਦਾ ਲਾਭ ਆਸਾਨੀ ਨਾਲ ਪ੍ਰਾਪਤ ਕਰ ਸਕਣ। ਸੂਬੇ ਭਰ ਵਿੱਚ ਪਿੰਡ/ਵਾਰਡ ਪੱਧਰ ‘ਤੇ ਈ-ਕਾਰਡ ਬਣਾਉਣ ਲਈ 7000 ਤੋਂ ਵੱਧ ਕਾਮਨ ਸਰਵਿਸ ਸੈਂਟਰ ਕਾਰਜਸ਼ੀਲ ਹਨ। ਯੋਗ ਲਾਭਪਾਤਰੀ ਕਾਰਡ ਬਣਾਉਣ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ‘ਤੇ ਵੀ ਜਾ ਸਕਦੇ ਹਨ।

ਸੀਈਓ ਨੇ ਦੱਸਿਆ ਕਿ ਹੁਣ ਲਾਭਪਾਤਰੀ ਨੈਸ਼ਨਲ ਹੈਲਥ ਅਥਾਰਟੀ ਵੱਲੋਂ ਤਿਆਰ ਕੀਤੀ ਗਈ ‘ਆਯੂਸ਼ਮਾਨ ਐਪ’ ਦੀ ਵਰਤੋਂ ਕਰਕੇ ਵੀ ਆਯੁਸ਼ਮਾਨ (AYUSHMAN) ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਲਈ ਬਿਨੈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਘੱਟੋ-ਘੱਟ 44 ਲੱਖ ਰਜਿਸਟਰਡ ਪਰਿਵਾਰ ਇਸ ਬੀਮਾ ਯੋਜਨਾ ਦਾ ਲਾਭ ਲੈ ਰਹੇ ਹਨ।

Exit mobile version