July 5, 2024 1:29 am

“ਕਾਨੂੰਨੀ ਚੇਤਨਾ ਪੋ੍ਰਗਰਾਮ” ਤਹਿਤ ਕਾਨੂੰਨੀ ਅਧਿਕਾਰਾਂ ਪ੍ਰਤੀ ਕੀਤਾ ਜਾਗਰੂਕ

ਚੰਡੀਗੜ੍ਹ; ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ “ਪੈਨ ਇੰਡੀਆ ਆਊਟਰੀਚ ਅਤੇ ਅਵੇਅਰਨੈਸ ਪ੍ਰੋਗਰਾਮ” ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜਿਲ੍ਹਾ ਕਚਹਿਰੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਔਰਤਾਂ ਨੂੰ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ “ਕਾਨੂੰਨੀ ਚੇਤਨਾ ਪੋ੍ਰਗਰਾਮ” ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਰ.ਐਸ. ਰਾਏ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਐਸ.ਏ.ਐਸ. ਨਗਰ ਵਲੋਂ ਔਰਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਵਲੋਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪਾਸ ਕੀਤੇ ਗਏ ਕਾਨੂੰਨਾਂ ‘ਐਸਿਡ ਅਟੈਕ, ਬਲਾਤਕਾਰ, ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵਲੋਂ ਕੀਤੀ ਜਾਂਦੀ ਕਰੂਰਤਾ, ਦਹੇਜ ਵਿਰੋਧੀ ਕਾਨੂੰਨ, ਪੌਕਸੋ ਐਕਟ, ਕੰਮ ਦੇ ਸਥਾਨ ਤੇ ਕੀਤੀ ਜਾਣ ਵਾਲੀ ਸਰੀਰਕ ਛੇੜਛਾੜ ਅਤੇ ਨੈਸ਼ਨਲ ਕਮਿਸ਼ਨ ਫਾਰ ਵੂਮੈਨ’ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਪ੍ਰੋਗਰਾਮ ਵਿਚ ਸ਼ਾਮਲ ਔਰਤਾਂ ਨੂੰ ਉਤਾਸ਼ਹਿਤ ਕੀਤਾ ਗਿਆ ਕਿ ਉਹ ਸਮਾਜ ਵਿਚ ਇਸਤਰੀਆਂ ਖਿਲਾਫ ਹੋ ਰਹੇ ਅਪਰਾਧਾਂ ਵਿਰੁੱਧ ਖੁੱਲ ਕੇ ਸਾਹਮਣੇ ਆਉਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿਚ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਉਹ ਔਰਤਾਂ ਵਿਰੁੱਧ ਵਧ ਰਹੇ ਅਪਰਾਧਾਂ ਤੋਂ ਬਚਾਅ ਸਬੰਧੀ ਬੱਚਿਆਂ ਨੂੰ ਵੀ ਜਾਗਰੂਕ ਕਰਨ ਅਤੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਤਿਆਰ ਕਰਨ ਤਾਂ ਜੋ ਕਿਸੇ ਵੀ ਕਿਸਮ ਅਪਰਾਧ ਨੂੰ ਰੋਕਿਆ ਜਾ ਸਕੇ। ਉਨ੍ਹਾਂ ਤੋਂ ਇਲਾਵਾ ਸ੍ਰੀਮਤੀ ਗੀਤਾਂਜਲੀ ਬਾਲੀ, ਵਕੀਲ ਅਤੇ ਸ੍ਰੀਮਤੀ ਕੁਲਵਿੰਦਰ ਕੌਰ, ਵਕੀਲ ਵਲੋਂ ਵੀ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ ਮਾਨ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੀ ਹਾਜ਼ਰ ਸਨ।