July 2, 2024 1:58 am
ਐੱਸ. ਜੈਸ਼ੰਕਰ

ਆਸਟ੍ਰੇਲੀਆ ਨੇ ਸਰਹੱਦਾਂ ਖੋਲ੍ਹਣ ਦਾ ਲਿਆ ਫੈਸਲਾ, ਭਾਰਤ ਨੇ ਕੀਤੀ ਸ਼ਲਾਘਾ

ਚੰਡੀਗੜ੍ਹ 12 ਫਰਵਰੀ 2022: ਆਸਟ੍ਰੇਲੀਆ ਨੇ 21 ਫਰਵਰੀ ਤੋਂ ਵੈਕਸੀਨ ਦੀ ਖੁਰਾਕ ਲੈ ਚੁੱਕੇ ਲੋਕਾਂ ਲਈ ਸਰਹੱਦਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ | ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ, ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਖੋਲ੍ਹਣ ਦੀ “ਬਹੁਤ ਸ਼ਲਾਘਾ ਕਰਦਾ ਹੈ”, ਜਿਸ ਨਾਲ ਵਾਪਸ ਜਾਣ ਦੀ ਉਡੀਕ ਕਰ ਰਹੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ, ਅਸਥਾਈ ਵੀਜ਼ਾ ਧਾਰਕਾਂ ਅਤੇ ਅਲੱਗ ਰਹਿ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਆਸਟ੍ਰੇਲੀਆ 21 ਫਰਵਰੀ ਤੋਂ ਵੈਕਸੀਨ ਦੀ ਖੁਰਾਕ ਲੈ ਚੁੱਕੇ ਸਾਰੇ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ।

ਆਸਟਰੇਲੀਆ ਨੇ ਇਸ ਤੋਂ ਪਹਿਲਾਂ 7 ਫਰਵਰੀ ਨੂੰ ਮਹਾਮਾਰੀ ਪਾਬੰਦੀਆਂ ‘ਚ ਢਿੱਲ ਦੇਣ ਦਾ ਦਾ ਐਲਾਨ ਕੀਤਾ ਸੀ। ਆਸਟ੍ਰੇਲੀਆ ਨੇ ਮਾਰਚ 2020 ਵਿਚ ਆਪਣੇ ਨਾਗਰਿਕਾਂ ਅਤੇ ਸਥਾਨਕ ਨਿਵਾਸੀਆਂ ‘ਤੇ ਦੁਨੀਆ ਦੀਆਂ ਸਭ ਤੋਂ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਸਨ। ਐੱਸ ਜੈਸ਼ੰਕਰ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਮੈਂ ਆਸਟ੍ਰੇਲੀਆਈ ਸਰਕਾਰ ਵੱਲੋਂ ਸਰਹੱਦਾਂ ਖੋਲ੍ਹਣ ਦਾ ਸੁਆਗਤ ਕਰਦਾ ਹਾਂ, ਜਿਸ ਨਾਲ ਭਾਰਤ ‘ਚ ਉਡੀਕ ਕਰ ਰਹੇ ਲੋਕਾਂ, ਖਾਸ ਤੌਰ ‘ਤੇ ਵਿਦਿਆਰਥੀਆਂ, ਅਸਥਾਈ ਵੀਜ਼ਾ ਧਾਰਕਾਂ, ਅਲੱਗ ਰਹਿ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਇਸ ਫੈਸਲੇ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।’

ਇਸ ਦੌਰਾਨ ਉਨ੍ਹਾ ਕਿਹਾ, ‘ਮੈਨੂੰ ਕੱਲ੍ਹ ਕੁਝ ਵਿਦਿਆਰਥੀ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸਦੇ ਨਾਲ ਹੀ ਦੇਸ਼ ‘ਚ ਯਾਤਰਾ ਲਈ ਭਾਰਤ ‘ਚ ਬਣੀ ਕੋਵਿਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨਾਲ ਵੀ ਮੁਲਾਕਾਤ ਕੀਤੀ ਅਤੇ ਪ੍ਰਤਿਭਾ, ਗਤੀਸ਼ੀਲਤਾ ਅਤੇ ਵਿਸ਼ਵੀਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ। ਆਸਟ੍ਰੇਲੀਆ ‘ਚ ਚੀਨ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਧ ਵਿਦਿਆਰਥੀ ਹਨ।