ਚੰਡੀਗੜ੍ਹ 02 ਮਾਰਚ 2022: ਆਸਟਰੇਲੀਆ ਕ੍ਰਿਕਟ ਟੀਮ ਦੇ ਅਨੁਭਵੀ ਆਫ ਸਪਿਨਰ ਨਾਥਨ ਲਿਓਨ ਨੇ ਪਕਿਸਤਾਨ ਦੌਰੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ, ਉਨ੍ਹਾਂ ਕਿਹਾ ਕਿ ਆਸਟਰੇਲੀਆ ਦਾ ਉਦੇਸ਼ 1998 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰਨ ‘ਤੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕਰਨਾ ਹੈ। ਇਸ ਦੌਰਾਨ ਲਿਓਨ ਨੇ ਕਿਹਾ, ”ਇਹ ਇਕ ਵੱਡੀ ਚੁਣੌਤੀ ਹੋਣ ਵਾਲੀ ਹੈ ਪਰ ਮੈਂ ਇਸ ਟੈਸਟ ਸੀਰੀਜ਼ ‘ਚ ਇਹ ਸੋਚ ਕੇ ਜਾ ਰਿਹਾ ਹਾਂ ਕਿ ਅਸੀਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਾਂਗੇ ਅਤੇ ਇਸ ਨੂੰ 3-0 ਨਾਲ ਜਿੱਤਾਂਗੇ।” ਉਸ ਨੇ ਕਿਹਾ, ‘ਅਸੀਂ 2019 ਤੋਂ ਬਾਅਦ ਵਿਦੇਸ਼ ‘ਚ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ। ਅਸੀਂ ਇੱਥੇ ਇੱਕ ਬਹੁਤ ਹੀ ਨੌਜਵਾਨ ਟੈਸਟ ਟੀਮ ਲੈ ਕੇ ਆਏ ਹਾਂ ਅਤੇ ਅਸੀਂ ਘਰੇਲੂ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੱਥੇ ਆਏ ਹਾਂ।
ਜ਼ਿਕਰਯੋਗ ਹੈ ਕਿ ਆਸਟਰੇਲੀਆਈ ਟੀਮ ਐਤਵਾਰ ਨੂੰ ਇੱਥੇ ਪਹੁੰਚੀ ਅਤੇ ਪਹਿਲੇ ਟੈਸਟ ਤੋਂ ਪਹਿਲਾਂ ਅਭਿਆਸ ਲਈ ਉਸ ਦੇ ਸਿਰਫ ਤਿੰਨ ਸੈਸ਼ਨ ਹੋਣਗੇ। ਉਸ ਨੂੰ 22 ਦਿਨਾਂ ਦੇ ਅੰਦਰ ਤਿੰਨ ਟੈਸਟ ਮੈਚ ਖੇਡਣੇ ਹਨ ਜੋ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ। ਟੈਸਟ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਤਿੰਨ ਵਨਡੇ ਅਤੇ ਇਕ ਟੀ-20 ਮੈਚ ਖੇਡਿਆ ਜਾਵੇਗਾ। ਲਿਓਨ ਨੇ ਕਿਹਾ, “ਸਾਡੇ ਕੋਲ ਸਾਰੇ ਵਿਭਾਗਾਂ ‘ਚ ਚੰਗੇ ਖਿਡਾਰੀ ਹਨ। ਅਸੀਂ ਜਿਸ ਵੀ ਟੀਮ ਨੂੰ ਮੈਦਾਨ ਵਿੱਚ ਉਤਾਰਦੇ ਹਾਂ, ਮੈਨੂੰ ਯਕੀਨ ਹੈ ਕਿ ਉਹ ਚੰਗੀ ਅਤੇ ਸਕਾਰਾਤਮਕ ਕ੍ਰਿਕਟ ਖੇਡੇਗੀ।