ਚੰਡੀਗੜ੍ਹ, 06 ਜੂਨ 2024: ਲੋਕ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਦੁਨੀਆ ਭਰ ਦੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦੇ ਰਹੇ ਹਨ। ਹੁਣ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਵੀਰਵਾਰ ਨੂੰ ਨਰਿੰਦਰ ਮੋਦੀ ਨੂੰ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਕੰਮ ਕਰਨ ਲਈ ਉਤਸਕ ਹਨ।
ਐਂਥਨੀ ਅਲਬਾਨੀਜ਼ (Anthony Albanese) ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਹੱਥ ‘ਚ ਫੋਨ ਲੈ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਕੈਪਸ਼ਨ ‘ਚ ਆਸਟ੍ਰੇਲੀਆਈ ਪੀਐੱਮ ਨੇ ਲਿਖਿਆ, ‘ਨਰਿੰਦਰ ਮੋਦੀ ਨਾਲ ਗੱਲ ਕਰਕੇ ਚੰਗਾ ਲੱਗਾ ਅਤੇ ਚੋਣਾਂ ‘ਚ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਆਸਟ੍ਰੇਲੀਆ ਅਤੇ ਭਾਰਤ ਗੂੜ੍ਹੇ ਦੋਸਤ ਹਨ ਅਤੇ ਨਜ਼ਦੀਕੀ ਰਣਨੀਤਕ, ਆਰਥਿਕ ਅਤੇ ਸੱਭਿਆਚਾਰਕ ਸਬੰਧ ਹਨ। ਅਸੀਂ ਇਸ ਸਾਂਝੇਦਾਰੀ ਨੂੰ 2024 ਅਤੇ ਉਸ ਤੋਂ ਅੱਗੇ ਲਿਜਾਣ ਲਈ ਮਿਲ ਕੇ ਕੰਮ ਕਰਾਂਗੇ।
ਕਾਰਜਾਕਾਰੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਸਟ੍ਰੇਲੀਆ ਦੇ ਪੀਐਮ ਐਂਥਨੀ ਅਲਬਾਨੀਜ਼ ਦੀ ਪੋਸਟ ਦੇ ਜਵਾਬ ਵਿੱਚ ਇੱਕ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, ‘ਮੇਰੇ ਦੋਸਤ ਐਂਥਨੀ ਅਲਬਾਨੀਜ਼ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਵੱਲੋਂ ਵਧਾਈਆਂ ਲਈ ਧੰਨਵਾਦ। ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਭਾਰਤ-ਆਸਟ੍ਰੇਲੀਆ ਸਬੰਧਾਂ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਾਂ।