ਚੰਡੀਗੜ੍ਹ 14 ਜੂਨ 2022 : ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਜਾ ਕੇ ਕੁਝ ਵਿਧਾਇਕ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਜ਼ਮੀਨੀ ਵਿਵਾਦਾਂ ਵਿਚ ਨਾਜਾਇਜ਼ ਦਖ਼ਲ-ਅੰਦਾਜ਼ੀ ਕਰਦੇ ਹਨ । ਜਿਨ੍ਹਾਂ ਵਿੱਚੋਂ ਇੱਕ ਹਨ ਰਾਮਪੁਰਾ ਫੂਲ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਮਲਾ ਸੰਪਰਦਾ ਦੇ ਮਹਾਂਮੰਡਲੇਸ਼ਵਰ ਡਾ. ਸਵਾਮੀ ਇਸ਼ਵਰ ਦਾਸ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਜਲਾਲ ਵਿਚ ਨਿਰਮਲਾ ਡੇਰਾ ਪਿਛਲੇ 175 ਸਾਲਾਂ ਤੋਂ ਹੈ, ਜਿਸ ਦੀ 36.5 ਏਕੜ ਜ਼ਮੀਨ ਮਹਾਰਾਜਾ ਨਾਭਾ ਨੇ 1856 ‘ਚ ਨਿਰਮਲਾ ਸਾਧੂਆਂ ਨੂੰ ਦਾਨ ਦਿੱਤੀ ਸੀ ਜਿਸਦਾ ਦਾ ਵਿਵਾਦ ਜਾਰੀ ਹੈ।
ਮਾਣਯੋਗ ਸੁਪਰੀਮ ਕੋਰਟ ਨੇ ਡੇਰੇ ਦੇ ਪੱਖ ਵਿਚ ਆਪਣਾ ਫ਼ੈਸਲਾ ਸੁਣਾਇਆ ਹੋਇਆ ਹੈ, ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਪੁਲਿਸ ‘ਤੇ ਦਬਾਅ ਬਣਾ ਰਹੇ ਹਨ ਅਤੇ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦਾ ਸਾਥ ਦੇ ਰਹੇ ਹਨ । ਇੱਥੋਂ ਤੱਕ ਕੇ ਪੁਲਿਸ ਨੂੰ ਕਿਹਾ ਜਾ ਰਿਹਾ ਹੈ ਕਿ ਕਬਜ਼ਾਕਾਰੀਆਂ ਦਾ ਹੀ ਸਾਥ ਦਿੱਤਾ ਜਾਵੇ ।
ਵਿਧਾਇਕ ਬਲਕਾਰ ਸਿੱਧੂ ਨਾਲ ਫੋਨ ‘ਤੇ ਹੋਈ ਗੱਲਬਾਤ ਦੀ ਆਡੀਓ ਰਿਕਾਰਡਿੰਗ ਜਾਰੀ ਕਰਦਿਆਂ ਡਾ. ਸਵਾਮੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਿਧਾਇਕ ਬਲਕਾਰ ਸਿੱਧੂ ਨੂੰ ਇਸ ਵਿਵਾਦ ਵਿੱਚ ਦਖ਼ਲਅੰਦਾਜ਼ੀ ਨਾ ਕਰਨ ਲਈ ਬੇਨਤੀ ਕੀਤੀ ਅਤੇ ਮਿਲ ਕੇ ਗੱਲਬਾਤ ਕਰਨ ਬਾਰੇ ਕਿਹਾ ਤਾਂ ਬਲਕਾਰ ਸਿੱਧੂ ਦਾ ਪਾਰਾ ਚੜ੍ਹ ਗਿਆ ਅਤੇ ਝੂਠਾ ਹੀ ਕਹਿਣ ਲੱਗਿਆ ਕਿ ਉਸ ਨੂੰ ਧਮਕਾਇਆ ਜਾ ਰਿਹਾ ਹੈ। ਜਦ ਕਿ ਆਡੀਓ ਰਿਕਾਰਡਿੰਗ ਵਿੱਚ ਤੁਸੀਂ ਸੁਣ ਸਕਦੇ ਹੋ ਕੇ ਕਿਵੇਂ ਵਿਧਾਇਕ ਸਿੱਧੂ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਧੂ ਅਵਾ ਤਵਾ ਬੋਲ ਰਿਹਾ ਹੈ।
ਡਾ. ਸਵਾਮੀ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਦੀਆਂ ਵਧੀਕੀਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਈ-ਮੇਲ ਰਾਹੀਂ ਸ਼ਿਕਾਇਤ ਵੀ ਕੀਤੀ ਸੀ ਅਤੇ ਹੁਣ ਯਾਦ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਦੇ ਕੰਮਾਂ ਵਿੱਚ ਕੀਤੀ ਜਾਂਦੀ ਦਖ਼ਲਅੰਦਾਜ਼ੀ ਰੋਕੀ ਜਾਵੇ। ਵਿਧਾਇਕ ਆਪਣੀਆਂ ਨਾਜਾਇਜ਼ ਕਾਰਵਾਈਆਂ ਕਰਕੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਅਕਸ ਵਿਗਾੜ ਰਹੇ ਹਨ।
ਡਾ. ਸਵਾਮੀ ਨੇ ਇਸ ਸਾਰੇ ਮਾਮਲੇ ਬਾਰੇ ਮੁੱਖ ਮੰਤਰੀ ਨੂੰ ਮਿਲ ਕੇ ਜਾਣਕਾਰੀ ਦੇਣ ਨੂੰ ਤਿਆਰ ਹੈ ਅਤੇ ਮੁੱਖ ਮੰਤਰੀ ਤੋਂ ਸਮਾਂ ਵੀ ਮੰਗਿਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਅਤੇ ਆਪਣੇ ਵਿਧਾਇਕਾਂ ਨੂੰ ਆਦੇਸ਼ ਦਿੱਤੇ ਜਾਣ ਕਿ ਸੁਪਰੀਮ ਕੋਰਟ ਵੱਲੋਂ ਜੋ ਫ਼ੈਸਲਾ ਹੋਇਆ ਹੈ ਉਸ ਨੂੰ ਸਹੀ ਤਰ੍ਹਾਂ ਲਾਗੂ ਕਰਵਾ ਜਾਵੇ ਅਤੇ ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਨਾਜਾਇਜ਼ ਕਾਰਵਾਈ ਨਾ ਹੋਣ ਦਿੱਤੀ ਜਾਵੇ।