July 6, 2024 6:03 pm
ਤਰਨਤਾਰਨ

ਤਰਨਤਾਰਨ ‘ਚ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਤੇ ਰਾਕੇਟ ਲਾਂਚਰ ਨਾਲ ਹਮਲਾ, ਪੂਰਾ ਇਲਾਕਾ ਕੀਤਾ ਸੀਲ

ਤਰਨਤਾਰਨ 10 ਦਸੰਬਰ 2022: ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਆਰਪੀਜੀ ਦੀ ਵਰਤੋਂ ਕਰਕੇ ਪੁਲਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬੀਤੀ ਰਾਤ ਕਰੀਬ ਇੱਕ ਵਜੇ ਅੰਮ੍ਰਿਤਸਰ-ਬਠਿੰਡਾ ਮੁੱਖ ਮਾਰਗ ’ਤੇ ਸਰਹਾਲੀ ਥਾਣੇ (Sarhali Police Station) ਦੇ ਨਾਲ ਲੱਗਦੇ ਸਾਂਝ ਕੇਂਦਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ ਹਾਲਾਂਕਿ ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਸ ਕਾਰਨ ਥਾਣਾ ਸਰਹਾਲੀ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਹੈ । ਕੁਝ ਹੀ ਦੇਰ ਵਿੱਚ ਡੀਜੀਪੀ ਗੌਰਵ ਯਾਦਵ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣਗੇ।

ਪੁਲਿਸ ਦੇ ਮੁਤਾਬਕ ਇਹ ਇੱਕ ਆਰਪੀਜੀ ਹਮਲਾ ਮੰਨਿਆ ਜਾ ਰਿਹਾ ਹੈ ਜੋ ਕਾਫ਼ੀ ਸ਼ਕਤੀਸ਼ਾਲੀ ਹੈ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਜੱਦੀ ਘਰ ਹੈ।
ਖੁਫੀਆ ਏਜੰਸੀਆਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਖ਼ਦਸ਼ਾ ਹੈ ਕਿ ਸਿੱਧੀ ਹਿੱਟ ਨਾ ਹੋਣ ਕਾਰਨ ਇਸ ਦਾ ਪ੍ਰਭਾਵ ਘਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਦਫਤਰ ‘ਤੇ ਹੋਏ ਹਮਲੇ ਵਰਗਾ ਹੀ ਹੈ।

ਇਸ ਦੇ ਨਾਲ ਹੀ ਕਥਿਤ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੰਨੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜਲੰਧਰ ਦੇ ਲਤੀਫਪੁਰਾ ਵਿੱਚ 1947 ਵਿੱਚ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ। ਇਹ ਉਸਦਾ ਬਦਲਾ ਹੈ।