Site icon TheUnmute.com

ਪਾਕਿਸਤਾਨ ‘ਚ ਯਾਤਰੀਆਂ ਦੇ ਵਾਹਨ ‘ਤੇ ਹ.ਮ.ਲਾ, ਔਰਤਾਂ ਸਮੇਤ 50 ਜਣਿਆਂ ਦੀ ਗਈ ਜਾਨ

Pakistan

ਚੰਡੀਗੜ੍ਹ, 21 ਨਵੰਬਰ 2024: ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਖੈਬਰ ਪਖਤੂਨਖਵਾ ‘ਚ ਸ਼ੀਆ ਮੁਸਲਮਾਨਾਂ ਨੂੰ ਲਿਜਾ ਰਹੇ ਯਾਤਰੀ ਵਾਹਨ ‘ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ | ਉਸ ਹਮਲੇ ‘ਚ 50 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਨ੍ਹਾਂ ‘ਚ ਕਈ ਔਰਤਾਂ ਵੀ ਸ਼ਾਮਲ ਹਨ।ਇਸਦੇ ਨਾਲ ਹੀ 20 ਜਣੇ ਜ਼ਖਮੀ ਵੀ ਹੋਏ ਹਨ।

ਇਹ ਹਮਲਾ ਖੈਬਰ ਪਖਤੂਨਖਵਾ ਸੂਬੇ ਦੇ ਕੁਰੱਮ ਜ਼ਿਲ੍ਹੇ ‘ਚ ਹੋਇਆ ਹੈ | ਪੁਲਿਸ ਮੁਤਾਬਕ ਹਮਲਾਵਰਾਂ ਨੇ ਪਰਚਿਨਾਰ ਤੋਂ ਪੇਸ਼ਾਵਰ ਵੱਲ ਜਾ ਰਹੇ ਯਾਤਰੀ ਵਾਹਨਾਂ ‘ਤੇ ਗੋਲੀਬਾਰੀ ਕੀਤੀ ਹੈ । ਪੁਲਿਸ ਅਧਿਕਾਰੀ ਅਜ਼ਮਤ ਅਲੀ ਮੁਤਾਬਕ ਮਰਨ ਵਾਲਿਆਂ ‘ਚ ਛੇ ਔਰਤਾਂ ਵੀ ਸ਼ਾਮਲ ਹਨ ਅਤੇ 10 ਯਾਤਰੀਆਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਿਕਰਯੋਗ ਇਸ ਜ਼ਿਲ੍ਹੇ ‘ਚ ਹਾਲ ਹੀ ‘ਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦਰਮਿਆਨ ਫਿਰਕੂ ਘਟਨਾਵਾਂ ‘ਚ ਵਾਧਾ ਹੋਇਆ ਹੈ। ਪਾਕਿਸਤਾਨ ‘ਚ ਸ਼ੀਆ ਮੁਸਲਮਾਨਾਂ ਦੀ ਆਬਾਦੀ ਲਗਭੱਗ 15 ਫੀਸਦੀ ਹੈ, ਜਦੋਂ ਕਿ ਸੁੰਨੀ ਮੁਸਲਮਾਨ ਦੇਸ਼ ‘ਚ ਬਹੁਗਿਣਤੀ ਹਨ। ਹਾਲਾਂਕਿ, ਦੋਵੇਂ ਭਾਈਚਾਰੇ ਆਮ ਤੌਰ ‘ਤੇ ਆਪਸ ‘ਚ ਸ਼ਾਂਤੀ ਨਾਲ ਰਹਿੰਦੇ ਹਨ। ਪਰ ਕੁਰੱਮ ਵਰਗੇ ਕੁਝ ਖੇਤਰਾਂ ‘ਚ ਦਹਾਕਿਆਂ ਤੋਂ ਸ਼ੀਆ ਅਤੇ ਸੁੰਨੀ ਦਰਮਿਆਨ ਤਣਾਅ ਚੱਲ ਰਿਹਾ ਹੈ।

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਹੁਕਮ ਦਿੱਤਾ ਕਿ ਇਸ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Exit mobile version