ਟਾਂਡਾ 10 ਸਤੰਬਰ 2022: ਪਿੰਡ ਚੌਟਾਲਾ (village Chautala) ਵਿਖੇ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਏ. ਟੀ. ਐੱਮ ਮਸ਼ੀਨ ਤੋੜ ਕੇ ਕਰੀਬ 8 ਲੱਖ 77 ਹਜ਼ਾਰ ਰੁਪਏ ਦੀ ਨਕਦੀ ਲੁੱਟ ਫ਼ਰਾਰ ਹੋ ਗਏ ।
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਰਾਤ 2 ਵਜੇ ਦੀ ਹੈ। ਦਿਨ ਵੇਲੇ ਡਿਊਟੀ ਕਰਨ ਵਾਲੇ ਬੈਂਕ ਦੇ ਪਿੰਡ ਵਾਸੀ ਗਾਰਡ ਸੁਰਿੰਦਰ ਸਿੰਘ ਕੋਲੋਂ ਦੇਰ ਰਾਤ ਸੂਚਨਾ ਮਿਲਣ ’ਤੇ ਸਹਾਇਕ ਮੈਨੇਜਰ ਅਨਿਲ ਕੁਮਾਰ ਨੇ ਕਰੀਬ 3.30 ਵਜੇ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ, ਥਾਣਾ ਮੁਖੀ ਓਂਕਾਰ ਸਿੰਘ ਬਰਾੜ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਵਾਹਨ ‘ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਆਉਂਦਿਆਂ ਹੀ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਤੇ ਕਾਲਾ ਰੰਗ ਛਿੜਕਣ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ ਮਸ਼ੀਨ ਨੂੰ ਕੱਟਿਆ ਅਤੇ ਕਰੀਬ 8 ਲੱਖ 77 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।
ਇਸਦੇ ਨਾਲ ਹੀ ਟਾਂਡਾ ਪੁਲਸ ਨੇ ਬੈਂਕ ਮੈਨੇਜਰ ਅਮਰਜੀਤ ਸਿੰਘ ਤੇ ਹੋਰਨਾਂ ਦੇ ਬਿਆਨ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ |