July 5, 2024 5:59 am
ਸੰਯੁਕਤ ਰਾਸ਼ਟਰ

UNSC ’ਚ ਭਾਰਤ ਨੇ ਕਿਹਾ, ਯੂਕ੍ਰੇਨ-ਰੂਸ ਦੀ ਸਰਹੱਦ ’ਤੇ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ

ਚੰਡੀਗੜ੍ਹ 22 ਫਰਵਰੀ 2022: ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਲਗਾਤਾਰ ਵੱਧ ਰਿਹਾ ਹੈ ਜਿਸਦੇ ਚੱਲਦੇ ਕਈ ਦੇਸ਼ਾਂ ਵਲੋਂ ਚਿੰਤਾ ਜਤਾਈ ਜਾ ਰਹੀ ਹੈ | ਇਸ ਦੌਰਾਨ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਯੂਕਰੇਨ ਸੰਕਟ ਨੂੰ ਲੈ ਕੇ ਸੱਦੀ ਗਈ ਆਪਾਤਕਾਲ ਬੈਠਕ ‘ਚ ਸਾਰੇ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਯੂਕ੍ਰੇਨ ਅਤੇ ਰੂਸ ਦੀ ਸਰਹੱਦ ’ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸਦੇ ਨਾਲ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ।

ਇਸ ਦੌਰਾਨ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਟੀ.ਐਸ. ਤਿਰੁਮੂਰਤੀ ਨੇ ਸੋਮਵਾਰ ਰਾਤ ਨੂੰ ਸੁਰੱਖਿਆ ਪ੍ਰੀਸ਼ਦ ਦੀ ਆਪਾਤਕਾਲ ਬੈਠਕ ‘ਚ ਕਿਹਾ, ‘ਅਸੀਂ ਯੂਕਰੇਨ ਦੀ ਪੂਰਬੀ ਸਰਹੱਦ ’ਤੇ ਹੋ ਰਹੀਆਂ ਗਤੀਵਿਧੀਆਂ ਅਤੇ ਰੂਸੀ ਸੰਘ ਵੱਲੋਂ ਇਸ ਸਬੰਧ ‘ਚ ਕੀਤੇ ਗਏ ਐਲਾਨ ਸਮੇਤ ਯੂਕਰੇਨ ਸਬੰਧੀ ਘਟਨਾਕ੍ਰਮ ’ਤੇ ਨਜ਼ਰ ਰੱਖੀ ਹੋਈ ਹੈ।’ ਉਨ੍ਹਾਂ ਕਿਹਾ, ‘ਰੂਸੀ ਸੰਘ ਨਾਲ ਲੱਗੀ ਯੂਕਰੇਨ ਦੀ ਸਰਹੱਦ ’ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਚੀਜ਼ਾਂ ਨਾਲ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ।’

ਟੀ.ਐਸ. ਤਿਰੁਮੂਰਤੀ ਨੇ ਕਿਹਾ, ‘ਸਾਰੇ ਦੇਸ਼ਾਂ ਦੇ ਵੈਧ ਸੁਰੱਖਿਆ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਤਣਾਅ ਨੂੰ ਘੱਟ ਕਰਨਾ ਅਤੇ ਇਸ ਖੇਤਰ ਅਤੇ ਉਸ ਦੇ ਬਾਹਰ ਲੰਬੇ ਸਮੇਂ ਲਈ ਸ਼ਾਂਤੀ ਅਤੇ ਸਥਿਰਤਾ ਸਥਾਪਤ ਕਰਨਾ ਪਹਿਲੀ ਤਰਜੀਹ ਹੈ।’