July 2, 2024 7:41 pm
Punjabi University

ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦੀ ਬੇਅਦਬੀ ਨੂੰ ਲੈ ਕੇ ਸਮੂਹ ਵਿਦਿਆਰਥੀਆਂ ਵੱਲੋਂ ਲਗਾਇਆ ਪੱਕਾ ਮੋਰਚਾ ਜਾਰੀ

ਪਟਿਆਲਾ 26 ਅਗਸਤ 2022: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵੱਲੋਂ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦੀ ਕੀਤੀ ਗਈ ਬੇਅਦਬੀ ਨੂੰ ਲੈ ਕੇ ਲਗਾਇਆ ਗਿਆ ਪੱਕਾ ਮੋਰਚਾ ਲਗਾ ਲਗਾਤਾਰ ਜਾਰੀ ਹੈ। ਇਸਦੇ ਨਾਲ ਹੀ ਭਾਈ ਗੰਡਾ ਸਿੰਘ ਸਿੱਖ ਰੈਫਰੈਂਸ ਲਾਇਬਰੇਰੀ ਵਿਚੋਂ ਬੇਅਦਬੀ ਦੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕੀ ਦੀ ਨਾਮਜ਼ਦ ਪ੍ਰਬੰਧਕੀ ਕਮੇਟੀ ਦੇ ਤਿੰਨ ਮੈਂਬਰੀ ਟੀਮ ਜਿਨ੍ਹਾਂ ਵਿੱਚ ਜਰਨੈਲ ਸਿੰਘ ਕਰਤਾਰਪੁਰ, ਡਾ. ਚਮਕੌਰ ਸਿੰਘ ਅਤੇ ਪ੍ਰੋ. ਪਰਮਵੀਰ ਸਿੰਘ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ।

ਪਰ ਦੂਜੇ ਪਾਸੇ ਬੇਅਦਬੀ ਦੇ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਇਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨੇ ‘ਬੇਅਦਬੀ ਦੀਆਂ ਬੇਬੁਨਿਆਦ ਖ਼ਬਰਾਂ’ ‘ਤੇ ਧਿਆਨ ਕਰਦੇ ਹੋਏ ਧਾਰਮਿਕ ਗ੍ਰੰਥਾਂ ਪ੍ਰਤੀ ਨਿਸ਼ਠਾ ਨੂੰ ਦ੍ਰਿੜਾਇਆ | ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕੀ ਕਮੇਟੀ ਦੀ ਨਾਮਜ਼ਦ ਤਿੰਨ ਮੈਂਬਰੀ ਟੀਮ ਨਾਲ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਲਾਇਬਰੇਰੀ ਦਾ ਦੌਰਾ ਕੀਤਾ ਅਤੇ ਸਮੁੱਚੇ ਇੰਤਜ਼ਾਮ ਦਾ ਜਾਇਜ਼ਾ ਲੈਂਦਿਆਂ ਕਿਹਾ ਸੀ ਕਿ ਪਿਛਲੇ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਹਨ ਸਿੰਘ ਨਾਭਾ ਲਾਈਬਰੇਰੀ ਵਿੱਚ ਦੁਰਲੱਭ ਕਿਤਾਬਾਂ ਵਾਲੀ ਡਾ. ਗੰਡਾ ਸਿੰਘ ਪੰਜਾਬੀ ਰੈਂਫਰੈਂਸ ਲਾਈਬਰੇਰੀ ਦਾ ਬਾਰੀਕੀ ਨਾਲ ਜਾਇਜ਼ਾ (ਸਟੌਕ ਟੇਕਿੰਗ) ਲਿਆ ਗਿਆ ਸੀ।

ਇਸ ਕਾਰਵਾਈ ਵਿੱਚ ਰਜ਼ਾਕਾਰ (ਵਲੰਟੀਅਰ) ਵਜੋਂ ਸ਼ਾਮਲ ਕਿਸੇ ਵਿਦਿਆਰਥੀ ਨੇ ਕੁਝ ਅਕਾਦਮਿਕ ਕਿਤਾਬਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾਈਆਂ। ਹੁਣ ਇਨ੍ਹਾਂ ਤਸਵੀਰਾਂ ਨੂੰ ਹੀ ‘ਬੇਅਦਬੀ’ ਦੇ ਸਬੂਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਨਾ ਪੇਂਡੂ ਅਤੇ ਗ਼ਰੀਬ ਤਬਕੇ ਦੇ ਸਵਾ ਦੋ ਲੱਖ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਵਾਲੀ ਪੰਜਾਬੀ ਯੂਨੀਵਰਸਿਟੀ (Punjabi University) ਨੂੰ ਕਮਜ਼ੋਰ ਕਰਨ ਦੀ ਵਿਓਂਤ ਹੈ।

ਇਸ ਸਮੁੱਚੇ ਮਾਮਲੇੇ ਵਿੱਚ ਯੂਨੀਵਰਸਿਟੀ ਦੀ ਰਜਿਸਟਰਾਰ ਪ੍ਰੋ ਨਵਜੋਤ ਕੌਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਹਰ ਧਰਮ ਅਤੇ ਉਸ ਦੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੀ ਹੈ ਅਤੇ ਇਸ ਮਕਸਦ ਨਾਲ ਮਰਿਆਦਾ ਮੁਤਾਬਕ ਲੋੜੀਂਦਾ ਆਚਾਰ-ਵਿਹਾਰ ਤੈਅ ਕੀਤਾ ਹੋਇਆ ਹੈ।

ਇਸੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਟੀਮ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਾਈਸ ਚਾਂਸਲਰ ਅਤੇ ਇਸ ਲਾਇਬਰੇਰੀ ਦਾ ਪੂਰਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਹ ਇਸ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੌਂਪ ਦੇਣਗੇ।

ਇੱਥੇ ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਗੁਰਦੁਆਰਾ ਸਾਹਿਬ ਵਿਖੇ ਪਸ਼ਚਾਤਾਪ ਵਜੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹਨ ਅਤੇ ਕੱਲ੍ਹ ਉਨ੍ਹਾਂ ਦੇ ਭੋਗ ਪਾਏ ਜਾਣਗੇ| ਹੁਣ ਸਵਾਲ ਉੱਠ ਰਹੇ ਹਨ ਕਿ ਇਨ੍ਹਾਂ ਦੁਰਲੱਭ ਕਿਤਾਬਾਂ ਦੀ ਬੇਅਦਬੀ ਨਹੀਂ ਕੀਤੀ ਗਈ ਤਾਂ ਫਿਰ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਕਿਸ ਗੱਲ ਦਾ ਪਸ਼ਚਾਤਾਪ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ |

ਜਦੋਂ ਇਸ ਮਾਮਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਟੀਮ ਦੇ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਆਪਣਾ ਮਾਮਲਾ ਹੈ ਤੇ ਉਹ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖ ਕੇ ਇਹ ਪਾਠ ਕਰਵਾ ਰਹੀ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਤੇ ਜੇਕਰ ਕਿਸੇ ਇਨਸਾਨ ਤੋਂ ਗਲਤੀ ਹੋਈ ਹੈ ਤਾਂ ਉਹ ਪਸ਼ਚਾਤਾਪ ਵਜੋਂ ਗੁਰੂ ਘਰ ਵਿੱਚ ਜਾ ਕੇ ਪਾਠ ਕਰ ਸਕਦਾ ਹੈ |

ਪਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਤੋਂ ਇਸ ਜਾਂਚ ਟੀਮ ਦੇ ਮੈਂਬਰ ਪ੍ਰੋ ਪਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੜੀ ਹੀ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਇਸ ਮਾਮਲੇ ਤੇ ਕੁਝ ਕਿਹਾ ਜਾ ਸਕਦਾ ਹੈ| ਇਸਦੇ ਨਾਲ ਹੀ ਨਾਲ ਹੀ ਉਨ੍ਹਾਂ ਮੰਨਿਆ ਕਿ ਯੂਨੀਵਰਸਿਟੀ ਵੱਲੋਂ ਪਹਿਲਾਂ ਸਮੇਂ ਵਿੱਚ ਇਨ੍ਹਾਂ ਦੁਰਲੱਭ ਅਤੇ ਸਿੱਖ ਧਰਮ ਨਾਲ ਜੁੜੀਆਂ ਕਿਤਾਬਾਂ ਦੇ ਰੱਖ ਰਖਾਵ ਸਬੰਧੀ ਜੋ ਗਲਤੀਆਂ ਹੋਈਆਂ ਹਨ ਉਸਦੇ ਪਸ਼ਤਾਚਾਪ ਵਜੋਂ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਵਾਏ ਜਾ ਰਹੇ ਹਨ |

ਪ੍ਰਦਰਸ਼ਨ ਕਰ ਰਹੀ ਸੈਕੁਲਰ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਸਮੂਹ ਵਿਦਿਆਰਥੀਆਂ ਆਗੂਆਂ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਾਂਚ ਟੀਮ ਉਨ੍ਹਾਂ ਕੋਲ ਆਈ ਹੈ ਅਤੇ ਉਨ੍ਹਾਂ ਨੇ ਇਸ ਲਾਇਬਰੇਰੀ ਵਿਚ ਕਿਤਾਬਾਂ ਦੀ ਕੀਤੀ ਬੇਅਦਬੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਦਿੱਤੀ ਅਤੇ ਜਦੋਂ ਤਕ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਉਹ ਇਹ ਪੱਕਾ ਮੋਰਚਾ ਇਵੇਂ ਹੀ ਲਗਾ ਕੇ ਰੱਖਣਗੇ |

ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ | ਉੱਥੇ ਹੀ ਰੋਸ਼ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਵੱਲੋਂ ਇਸ ਲਾਇਬਰੇਰੀ ਵਿੱਚ ਦੁਰਲੱਭ ਕਿਤਾਬਾਂ ਦੀ ਬੇਅਦਬੀ ਨਹੀਂ ਕੀਤੀ ਗਈ ਤਾਂ ਫਿਰ ਕਿਸ ਗੱਲ ਦੇ ਪਸ਼ਤਾਚਾਪ ਵਜੋਂ ਗੁਰਦੁਆਰਾ ਸਾਹਿਬ ਵਿਖੇ ਪਾਠ ਰਖਾਇਆ ਗਿਆ |

ਉਨ੍ਹਾਂ ਦੱਸਿਆ ਕਿ ਭਾਈ ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਵਿੱਚ ਕਾਫੀ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਦੀ ਬੇਅਦਬੀ ਕੀਤੀ ਗਈ ਹੈ ਅਤੇ ਇਨ੍ਹਾਂ ਕਿਤਾਬਾਂ ਨੂੰ ਰੱਦੀ ਦੇ ਭਾਅ ਵੇਚਿਆ ਗਿਆ ਹੈ | ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਦੱਸ ਦੇਈਏ ਕਿ ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਦੀਆਂ ਕੰਧਾਂ ਤੇ ਵੱਖ ਵੱਖ ਸਿੱਖ ਧਰਮ ਦੀਆਂ ਕਿਤਾਬਾਂ ਦੀ ਕੀਤੀ ਗਈ ਬੇਅਦਬੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ |