ਪਟਿਆਲਾ 18 ਅਗਸਤ 2022: ਪਟਿਆਲਾ ਦੇ ਮਿੰਨੀ ਸੈਕਟ੍ਰੀਏਟ ਵਿੱਚ ਵੱਡੀ ਗਿਣਤੀ ‘ਚ ਇਕੱਠੇ ਹੋਏ ਪਟਵਾਰੀ ਯੂਨੀਅਨ (Patwari Union) ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ | ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ‘ਤੇ ਨੌਜਵਾਨਾਂ ਦੇ ਰੁਜ਼ਗਾਰ ‘ਤੇ ਡਾਕਾ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦਾ ਪੁਨਰਗਠਨ ਕਰਦੇ ਹੋਏ ਪਟਵਾਰੀਆਂ ਦੀਆਂ ਪੰਜਾਬ ਵਿੱਚ ਅਸਾਮੀਆਂ ਦੀ ਗਿਣਤੀ 4716 ਤੋਂ ਘਟਾ ਕੇ 3660 ਕਰ ਦਿੱਤੀਆਂ ਹਨ | ਜਿਸ ਨਾਲ ਲਗਪਗ 1056 ਪਟਵਾਰੀਆਂ ਦੀਆਂ ਪੋਸਟਾਂ ਖ਼ਤਮ ਹੋ ਗਈਆਂ ਹਨ | ਇਸ ਦੇ ਰੋਸ਼ ਵਜੋਂ ਅੱਜ ਪੂਰੇ ਪੰਜਾਬ ਭਰ ਵਿਚ ਸਮੂਹ ਪਟਵਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਜ਼ਿਲ੍ਹਾ ਪੱਧਰ ‘ਤੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ |
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈਵੀਨਿਊ ਪਟਵਾਰ ਯੂਨੀਅਨ (Patwari Union) ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ, ਪਰ ਅੱਜ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 1056 ਪਟਵਾਰੀ ਦੀਆਂ ਪੋਸਟਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ | ਬੀਤੇ ਸਾਲਾਂ ਵਿੱਚ ਪੰਜਾਬ ਦਾ ਸ਼ਹਿਰੀਕਰਨ ਹੋਣ ਅਤੇ ਨਵੇਂ ਜ਼ਿਲ੍ਹੇ ਨਵੀਂਆਂ ਤਹਿਸੀਲਾਂ ਬਣਨ ਨਾਲ ਗਰਾਊਂਡ ਲੈਵਲ ਤੇ ਪਟਵਾਰੀਆਂ ਦਾ ਕੰਮ ਘਟਣ ਦੀ ਬਜਾਏ ਬਹੁਤ ਜ਼ਿਆਦਾ ਵਧ ਗਿਆ ਹੈ |
ਉਨ੍ਹਾਂ ਕਿਹਾ ਕਿ ਅਸਾਮੀਆਂ ਦੀ ਗਿਣਤੀ ਵਧਾਉਣ ਦੀ ਬਜਾਏ ਘਟਾਉਣ ਕਾਰਨ ਸਰਕਾਰ ਨੇ ਬੇਰੁਜ਼ਗਾਰੀ ਨੂੰ ਵਧਾਉਣ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਅਤੇ ਨਾਲ ਹੀ ਜੂਨੀਅਰ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਕੋਈ ਅਹਿਮ ਫੈਸਲਾ ਨਾ ਲਿਆ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ |