July 5, 2024 12:27 am
Mexico

ਮੈਕਸੀਕੋ ‘ਚ ਭੀੜ ‘ਤੇ ਅੰਨ੍ਹੇਵਾਹ ਗੋਲੀਬਾਰੀ ਕਾਰਨ 19 ਜਣਿਆਂ ਦੀ ਗਈ ਜਾਨ

ਚੰਡੀਗੜ੍ਹ 28 ਮਾਰਚ 2022: ਉੱਤਰੀ ਅਮਰੀਕੀ ਦੇਸ਼ ਮੈਕਸੀਕੋ (Mexico) ਦੇ ਮੱਧ ਹਿੱਸੇ ‘ਚ ਮਿਸ਼ੋਕੈਨ ਸੂਬੇ ਦੇ ਸ਼ਹਿਰ ਲਾਸ ਤਿਨਾਜਾਸ ‘ਚ ਭੀੜ ‘ਤੇ ਅੰਨ੍ਹੇਵਾਹ ਗੋਲੀਬਾਰੀ ‘ਚ 19 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮੈਕਸੀਕੋ (Mexico) ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਮੱਧ ਮੈਕਸੀਕੋ ‘ਚ 19 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਮਿਸ਼ੋਕੈਨ ਸੂਬੇ ਦੇ ਲਾਸ ਤਿਨਾਜਾਸ ਸ਼ਹਿਰ ‘ਚ ਇੱਕ ਤਿਉਹਾਰ ਚੱਲ ਰਿਹਾ ਸੀ। ਇਸ ਮੇਲੇ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ। ਐਤਵਾਰ ਦੇਰ ਰਾਤ ਤਿਉਹਾਰ ਦੇ ਰੰਗਾਂ ‘ਚ ਉਸ ਸਮੇਂ ਅਚਾਨਕ ਵਿਘਨ ਪੈ ਗਿਆ ਜਦੋਂ ਕੁਝ ਲੋਕਾਂ ਨੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਐਡਵੋਕੇਟ ਜਨਰਲ ਦੇ ਦਫ਼ਤਰ ਅਨੁਸਾਰ ਮਰਨ ਵਾਲਿਆਂ ‘ਚ 16 ਪੁਰਸ਼ ਅਤੇ ਤਿੰਨ ਔਰਤਾਂ ਹਨ। ਉਸ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਿਸ਼ੋਕੈਨ ਅਤੇ ਇਸਦੇ ਗੁਆਂਢੀ ਰਾਜ ਗੁਆਨਾਜੁਆਤੋ ਮੈਕਸੀਕੋ ਦੇ ਦੋ ਸਭ ਤੋਂ ਹਿੰਸਕ ਰਾਜ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਬਾਲਣ ਚੋਰੀ ਕਰਨ ਸਮੇਤ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਵਿਰੋਧੀ ਗਿਰੋਹਾਂ ਵਿਚਕਾਰ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ। ਮੈਕਸੀਕਨ ਸਰਕਾਰ ਨੇ 2006 ‘ਚ ਫੌਜ ਨਾਲ ਮਿਲ ਕੇ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨ ਲੱਖ ਚਾਲੀ ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।