Site icon TheUnmute.com

ਮਨੀਪੁਰ ‘ਚ ਆਰਮੀ ਕੈਂਪ ਕੋਲ ਜ਼ਮੀਨ ਖਿਸਕਣ ਕਾਰਨ ਆਰਮੀ ਜਵਾਨਾਂ ਸਮੇਤ 14 ਜਣਿਆਂ ਦੀ ਮੌਤ

Manipur

ਚੰਡੀਗੜ੍ਹ 01 ਜੁਲਾਈ 2022: ਮਨੀਪੁਰ (Manipur)  ਵਿੱਚ ਜ਼ਮੀਨ ਖਿਸਕਣ ਕਾਰਨ ਸੱਤ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਸਮੇਤ 14 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦਰਜਨਾਂ ਲਾਪਤਾ ਹਨ। ਇਹ ਭਿਆਨਕ ਹਾਦਸਾ ਨੋਨੀ ਜ਼ਿਲੇ ਦੇ ਤੁਪੁਲ ਯਾਰਡ ਰੇਲਵੇ ਕੰਸਟ੍ਰਕਸ਼ਨ ਕੈਂਪ ਨੇੜੇ ਬੁੱਧਵਾਰ ਰਾਤ ਨੂੰ ਵਾਪਰਿਆ।

ਇਸ ਦੌਰਾਨ ਖ਼ਰਾਬ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁਕਾਵਟ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਸੱਤ ਲਾਸ਼ਾਂ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਦੀਆਂ ਹਨ। ਟੈਰੀਟੋਰੀਅਲ ਆਰਮੀ ਦੇ 43 ਜਵਾਨਾਂ ਸਮੇਤ ਕਰੀਬ 72 ਜਣਿਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।

ਇਸ ਦੌਰਾਨ ਫੌਜ ਨੇ ਦੱਸਿਆ ਕਿ ਮਲਬੇ ਹੇਠ ਦੱਬੇ 13 ਟੈਰੀਟੋਰੀਅਲ ਆਰਮੀ ਦੇ ਜਵਾਨਾਂ ਸਮੇਤ ਪੰਜ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅਸਾਮ ਰਾਈਫਲਜ਼ ਅਤੇ ਟੈਰੀਟੋਰੀਅਲ ਆਰਮੀ ਯੂਨਿਟਾਂ ਨੇ ਖ਼ਰਾਬ ਮੌਸਮ ਦੌਰਾਨ ਦਿਨ ਭਰ ਰਾਹਤ ਅਤੇ ਬਚਾਅ ਕਾਰਜ ਕੀਤੇ। ਇਹ ਮੁਹਿੰਮ ਰਾਤ ਨੂੰ ਵੀ ਜਾਰੀ ਰਹੇਗੀ।

ਇਸ ਦੌਰਾਨ ਰੇਲਵੇ ਦਾ ਸਿਵਲ ਪ੍ਰਸ਼ਾਸਨ (Manipur) , NDRF, SDRF ਅਤੇ ਸਥਾਨਕ ਲੋਕ ਵੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਰਾਹਤ ਅਤੇ ਬਚਾਅ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਬੁਲਾ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

Exit mobile version