ਚੰਡੀਗੜ੍ਹ 04 ਮਾਰਚ 2022: ਬਿਹਾਰ ਦੇ ਭਾਗਲਪੁਰ ਜ਼ਿਲੇ ‘ਚ ਇਕ ਘਰ ਦੇ ਅੰਦਰ ਹੋਏ ਭਿਆਨਕ ਧਮਾਕੇ ‘ਚ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 9 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਇਸ ਘਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦਾ ਧੰਦਾ ਚੱਲ ਰਿਹਾ ਸੀ।
ਇਸਦੇ ਚੱਲਦੇ ਪੀਐਮ ਮੋਦੀ ਨੇ ਬਿਹਾਰ ਦੇ ਭਾਗਲਪੁਰ ‘ਚ ਹੋਏ ਧਮਾਕੇ ਦੀ ਘਟਨਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਫੋਨ ‘ਤੇ ਗੱਲਬਾਤ ਕੀਤੀ। ਨਿਤੀਸ਼ ਕੁਮਾਰ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਸਾਰੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਖੁਦ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਪੀਐਮ ਨੇ ਟਵੀਟ ਕੀਤਾ ਕਿ ਬਿਹਾਰ ਦੇ ਭਾਗਲਪੁਰ ‘ਚ ਹੋਏ ਧਮਾਕੇ ਕਾਰਨ ਜਾਨੀ ਨੁਕਸਾਨ ਦੀ ਖ਼ਬਰ ਦੁਖਦਾਈ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਘਟਨਾ ਸਬੰਧੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗਾ ਹੋਇਆ ਹੈ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।