ਪਟਿਆਲਾ 11 ਅਕਤੂਬਰ 2022: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਨੂੰ ਲੈ ਕੇ ਮੰਡੀਆਂ ਵਿਚ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਗਏ ਸੀ ਅਤੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇ ਦਾਅਵੇ ਵੀ ਕੀਤੇ ਗਏ ਸੀ ਪਰ ਕੁਝ ਮੰਡੀਆਂ ਵਿਚ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਝੋਨੇ ਦੀ ਫਸਲ ਬਰਸਾਤੀ ਪਾਣੀ ਦੀ ਭੇਟ ਚੜ੍ਹ ਰਹੀ ਹੈ |
ਪਟਿਆਲਾ ਵਿਖੇ ਬੀਤੀ ਰਾਤ ਪਈ ਭਾਰੀ ਬਾਰਿਸ਼ ਕਾਰਨ ਅਨਾਜ ਮੰਡੀ ਵਿੱਚ ਕਿਸਾਨਾਂ ਦੁਆਰਾ ਪੁੱਤਾਂ ਵਾਂਗ ਪਾਲ ਕੇ ਲਿਆਂਦੀ ਗਈ ਝੋਨੇ ਦੀ ਫ਼ਸਲ ‘ਤੇ ਪਾਣੀ ਫਿਰ ਗਿਆ | ਮੰਡੀ ਵਿੱਚ ਝੋਨੇ ਦੀ ਫਸਲ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਉਨ੍ਹਾਂ ਦੀ ਇਹ ਫ਼ਸਲ ਪਾਣੀ ਵਿਚ ਨਾ ਰੁਲਦੀ |
ਉਨ੍ਹਾਂ ਨੇ ਕਿਹਾ ਕਿ ਜੇਕਰ ਮੰਡੀ ਵਿਚ ਲਿਆਂਦੀ ਫ਼ਸਲ ਨੂੰ ਸਮੇਂ ਸਿਰ ਖਰੀਦ ਲਿਆ ਜਾਂਦਾ ਤਾਂ ਅੱਜ ਇਹ ਹਾਲਾਤ ਪੈਦਾ ਨਹੀਂ ਹੋਣੇ ਸੀ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਬਾਰਿਸ਼ ਕਰਕੇ ਜੋ ਵੀ ਝੋਨੇ ਦੀ ਫ਼ਸਲ ਖ਼ਰਾਬ ਹੋਈ ਹੈ, ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਇਨ੍ਹਾਂ ਵੱਲੋਂ ਝੋਨੇ ਦੀ ਫਸਲ ਦੀ ਸੰਭਾਲ ਨਹੀਂ ਕੀਤੀ ਜਾ ਰਹੀ | ਉੱਥੇ ਹੀ ਮੰਡੀਆਂ ਵਿੱਚ ਪਾਣੀ ਨਾਲ ਗਿੱਲੀ ਹੋ ਚੁੱਕੀ ਝੋਨੇ ਦੀ ਫ਼ਸਲ ਨੂੰ ਅੱਜ ਕਿਸਾਨ ਮੰਡੀਆਂ ਵਿੱਚ ਸੁਕਾਉਂਦੇ ਹੋਏ ਦਿਖਾਈ ਦਿੱਤੇ |