July 2, 2024 5:23 pm
Assistant professor

ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਨੇ ਮਾਨ ਸਰਕਾਰ ਖ਼ਿਲਾਫ ਖੋਲ੍ਹਿਆ ਮੋਰਚਾ

ਅੰਮ੍ਰਿਤਸਰ 19 ਅਗਸਤ 2022: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰੀ ਖ਼ਤਮ ਕਰਨ ਦੇ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਅੱਜ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬ (Assistant professor and librarian Front Punjab) ਦੇ ਸੱਦੇ ’ਤੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਲੈ ਕੇ ਵਿਰਾਸਤੀ ਮਾਰਗ ਤੱਕ ਰੋਸ਼ ਪ੍ਰਦਰਸ਼ਨ ਕੀਤਾ ਗਿਆ |

ਇਸਦੇ ਨਾਲ ਹੀ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਦੇ ਲਈ ਚੁਣੇ ਹੋਏ ਉਮੀਦਵਾਰਾ ਨੇ ਪੰਜਾਬ ਸਰਕਾਰ ਖ਼ਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਉਨ੍ਹਾਂ ਨੇ ਮਾਣਯੋਗ ਹਾਈਕੋਰਟ ਵਿਚ ਲਟਕ ਰਹੀ ਭਰਤੀ ਸਬੰਧੀ ਬਣਾਏ ਚਾਰਟ, ਪੋਸਟਰ ਹੱਥਾਂ ਵਿਚ ਫੜ੍ਹ ਕੇ ਆਮ ਜਨਤਾ ਤੱਕ ਆਪਣੀ ਵਿਥਿਆ ਪਹੁੰਚਾਈ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਤਾਂ ਉਹ ਸਿਰਫ਼ ਮਾਝਾ ਜ਼ੋਨ ਦੇ ਉਮੀਦਵਾਰ ਇਕੱਠੇ ਹੋ ਕੇ ਭੰਡਾਰੀ ਪੁਲ ਤੋਂ ਵਿਰਾਸਤੀ ਮਾਰਗ ਤਕ ਇਕ ਰੋਸ ਮਾਰਚ ਕਰਨਗੇ ਅਤੇ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰਾਂ ਨੇ ਕਿਹਾ ਕਿ ਫ਼ਰੰਟ ਦੇ ਆਗੂ ਹਰਮਨਪ੍ਰੀਤ ਸਿੰਘ ਅਤੇ ਅੰਮ੍ਰਿਤ ਕੌਰ ਨੇ ਕਿਹਾ ਕਿ ਜਿਨ੍ਹਾਂ ਕਾਲਜਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਪੰਜਾਬ ਦੇ ਆਮ ਲੋਕ ਦੇਖਦੇ ਹਨ, ਉਸ ਸੁਪਨੇ ਦੇ ਪੂਰਾ ਹੋਣ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਪਿਛਲੇ ਢਾਈ ਦਹਾਕਿਆਂ ਤੋਂ ਪ੍ਰੋਫ਼ੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ। ਸਰਕਾਰੀ ਕਾਲਜ ਅੰਤਿਮ ਸਾਹ ਲੈ ਰਹੇ ਹਨ।

ਉਨ੍ਹਾਂ ਕਿਹਾ ਇੰਨੇ ਲੰਮੇ ਵਕਫ਼ੇ ਬਾਅਦ ਵੀ ਜੇਕਰ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਆਈ ਵੀ ਤਾਂ ਉਹ ਅਦਾਲਤੀ ਚੱਕਰਾਂ ਵਿਚ ਲਟਕ ਕੇ ਰਹਿ ਗਈ ਹੈ। ਦੂਜੇ ਪਾਸੇ ਪੰਜਾਬ ਦੇ ਨੌਜਵਾਨਾਂ ਦੇ ਚੰਗੇ ਰੁਜ਼ਗਾਰ ਦੇ ਸੁਪਨਿਆਂ ਦੀ ਅਸਲੀਅਤ ਇਹ ਹੈ ਕਿ ਸਿਖ਼ਰਲੀ ਡਿਗਰੀ ਪੀਐੱਚ. ਡੀ. ਕਰੀ ਬੈਠੇ ਯੋਗ ਨੌਜਵਾਨ ਸਭ ਦੇ ਸਾਹਮਣੇ ਸੜਕਾਂ ’ਤੇ ਆ ਚੁੱਕੇ ਹਨ।

ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ 1158 ਫ਼ਰੰਟ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਮੰਗ ਕੀਤੀ ਕਿ ਉਹ ਇਸ ਮਸਲੇ ਪ੍ਰਤੀ ਉਚੇਚਾ ਧਿਆਨ ਦੇਣ ਤੇ ਸੁਹਿਰਦਤਾ ਦਿਖਾਉਣ। ਫ਼ਰੰਟ ਦੇ ਆਗੂਆਂ ਨਾਲ ਵਿਸਤ੍ਰਿਤ ਮੀਟਿੰਗ ਕਰਨ ਅਤੇ ਹਾਈਕੋਰਟ ਵਿਚ ਸੁਚੱਜੇ ਢੰਗ ਨਾਲ ਪੈਰਵੀ ਕਰਦਿਆਂ ਇਸ ਭਰਤੀ ਨੂੰ ਸਿਰੇ ਚੜ੍ਹਾਉਣ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਕੁਝ ਅਧਿਆਪਕਾਂ ਨੂੰ ਨੌਕਰੀ ਦਿੱਤੀ ਵੀ ਗਈ ਹੈ ਲੇਕਿਨ ਹੁਣ ਹਾਈਕੋਰਟ ਦੇ ਫ਼ੈਸਲੇ ਅਨੁਸਾਰ ਉਨ੍ਹਾਂ ਦੀਆਂ ਵੀ ਨੌਕਰੀਆਂ ਰੱਦ ਕੀਤੀਆਂ ਜਾ ਰਹੀਆਂ ਹੈ ਜਿਸਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ |