Asia Cup

Asia Cup 2023: ਏਸ਼ੀਆ ਕੱਪ ਤੋਂ ਬਾਹਰ ਹੋ ਸਕਦੈ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਨੇ ਦਿੱਤਾ ਝਟਕਾ

ਚੰਡੀਗੜ੍ਹ, 06 ਜੂਨ 2023: ਪਾਕਿਸਤਾਨ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ (Asia Cup) ਤੋਂ ਆਪਣਾ ਨਾਂ ਵਾਪਸ ਲੈ ਸਕਦਾ ਹੈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਆਪਣੇ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਲਈ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਸਮਰਥਨ ਮਿਲਣ ਦੀ ਉਮੀਦ ਸੀ। ਹਾਲਾਂਕਿ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਨੇ ਪਾਕਿਸਤਾਨ ਦੇ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ‘ਚ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਹਟਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਸਾਲ ਸਤੰਬਰ ‘ਚ ਵਨਡੇ ਫਾਰਮੈਟ ‘ਚ ਏਸ਼ੀਆ ਕੱਪ ਹੋ ਸਕਦਾ ਹੈ।

ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਮੁਖੀ ਨਜਮ ਸੇਠੀ ਵੱਲੋਂ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਮੁਤਾਬਕ ਪਾਕਿਸਤਾਨ ਨੂੰ ਏਸ਼ੀਆ ਕੱਪ (Asia Cup) ਦੇ ਤਿੰਨ ਤੋਂ ਚਾਰ ਮੈਚਾਂ ਦੀ ਮੇਜ਼ਬਾਨੀ ਘਰ ‘ਤੇ ਕਰਨੀ ਸੀ, ਜਦਕਿ ਭਾਰਤ ਨੂੰ ਸ਼ਾਮਲ ਕਰਨ ਵਾਲੇ ਬਾਕੀ ਮੈਚ ਨਿਰਪੱਖ ਥਾਵਾਂ ‘ਤੇ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੇ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦੇ ਬੀਸੀਸੀਆਈ ਦੇ ਵਿਚਾਰ ਦਾ ਸਮਰਥਨ ਕੀਤਾ ਹੈ।

ਸੂਤਰਾਂ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਸ ਮਹੀਨੇ ਦੇ ਅੰਤ ਵਿੱਚ ਏਸ਼ਿਆਈ ਕ੍ਰਿਕਟ ਕੌਂਸਲ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਰਸਮੀ ਮੀਟਿੰਗ ਕਰ ਸਕਦੇ ਹਨ। ਹਾਲਾਂਕਿ, ਪੀਸੀਬੀ ਹੁਣ ਜਾਣਦਾ ਹੈ ਕਿ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਏਸ਼ੀਆ ਕੱਪ ਲਈ ਉਨ੍ਹਾਂ ਦੇ ਹਾਈਬ੍ਰਿਡ ਮਾਡਲ ਪ੍ਰਸਤਾਵ ਦਾ ਸਮਰਥਨ ਨਹੀਂ ਕਰਨਗੇ।

Scroll to Top