Site icon TheUnmute.com

ਨਸ਼ਿਆਂ ਦੇ ਮਾਮਲੇ ‘ਚ ਬਰਖਾਸਤ ਏਐਸਆਈ ਇੰਦਰਜੀਤ ਸਿੰਘ ਦਾ ਵਿਚੋਲਾ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਕਾਬੂ

ARREST

ਚੰਡੀਗੜ੍ਹ 26 ਅਪ੍ਰੈਲ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ, ਬੁੱਧਵਾਰ ਨੂੰ ਮਿਸ਼ਨ ਕੰਪਾਊਂਡ ਜਲੰਧਰ ਨਿਵਾਸੀ ਇੱਕ ਪ੍ਰਾਈਵੇਟ ਵਿਅਕਤੀ ਰਾਮਿੰਦਰਪਾਲ ਸਿੰਘ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ, ਜੋ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਵਿਜੀਲੈਂਸ ਕੇਸ ਵਿੱਚ ਫਰਾਰ ਸੀ ਅਤੇ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਬਰਖਾਸਤ ਏਐਸਆਈ ਇੰਦਰਜੀਤ ਸਿੰਘ, ਇੰਚਾਰਜ ਸੀਆਈਏ, ਤਰਨਤਾਰਨ ਲਈ ਰਿਸ਼ਵਤ ਦੀ ਰਾਸ਼ੀ ਹਾਸਲ ਕਰਦਾ ਸੀ।

ਅੱਜ ਇੱਥੇ ਇਸ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਇੱਕ ਕੇਸ ਐਫਆਈਆਰ ਨੰਬਰ 01, ਮਿਤੀ 12-02-2015 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 8, 13 (2) ਤਹਿਤ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਿਸ ਥਾਣਾ, ਪੰਜਾਬ ਮੋਹਾਲੀ ਵਿਖੇ ਵਿੱਚ ਦਰਜ ਕੀਤਾ ਗਿਆ ਸੀ। ਉਪਰੋਕਤ ਦੋਸ਼ੀ ਰਾਮਿੰਦਰਪਾਲ ਸਿੰਘ ਪ੍ਰਿੰਸ ਨੂੰ ਐਸਏਐਸ ਨਗਰ ਦੀ ਇੱਕ ਅਦਾਲਤ ਨੇ ਮਿਤੀ 04-01-2019 ਨੂੰ ਭਗੌੜਾ ਅਪਰਾਧੀ ਘੋਸ਼ਿਤ ਕਰਾਰ ਦਿੱਤਾ ਸੀ ਅਤੇ ਉਦੋਂ ਤੋਂ ਇਹ ਆਪਣੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ।

ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਇਹ ਮੁਕੱਦਮਾ ਮਿਤੀ 11-11-2013 ਨੂੰ ਐਸਏਐਸ ਨਗਰ ਵਿਖੇ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਿਸ ਥਾਣਾ, ਪੰਜਾਬ ਵਿਖੇ ਦਰਜ ਐਫਆਈਆਰ ਨੰਬਰ 14, ਵਿੱਚ ਕਥਿਤ ਦੋਸ਼ਾਂ ਦੀ ਗਹਿਨ ਜਾਂਚ ਕਰਨ ਲਈ ਦਰਜ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ, ਖਰੜ, ਐਸਏਐਸ ਨਗਰ ਵਿੱਚ ਪ੍ਰਯੋਗਸ਼ਾਲਾ ਅਟੈਂਡੈਂਟ ਵਜੋਂ ਤਾਇਨਾਤ ਦੋਸ਼ੀ ਜਗਦੀਪ ਸਿੰਘ, ਪਿੰਡ ਸੇਹਾ, ਲੁਧਿਆਣਾ ਜ਼ਿਲ੍ਹਾ, ਨੇ ਖੁਲਾਸਾ ਕੀਤਾ ਹੈ ਕਿ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਇੰਦਰਜੀਤ ਸਿੰਘ, ਇੰਚਾਰਜ, ਸੀਆਈਏ ਤਰਨਤਾਰਨ ਨੇ ਉਸ ਖਿਲਾਫ ਅਤੇ ਉਪਰੋਕਤ ਪ੍ਰਯੋਗਸ਼ਾਲਾ ਵਿੱਚ ਤਾਇਨਾਤ ਪਰਮਿੰਦਰ ਸਿੰਘ, ਵਿਸ਼ਲੇਸ਼ਕ, ਵਿਰੁੱਧ ਐਨਡੀਪੀਐਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋ 10 ਲੱਖ ਰੁਪਏ ਅਤੇ ਪਰਮਿੰਦਰ ਸਿੰਘ, ਵਿਸ਼ਲੇਸ਼ਕ ਤੋਂ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਉਪਰੋਕਤ ਮੁਲਜ਼ਮ ਜਗਦੀਪ ਸਿੰਘ ਨੇ ਅੱਗੇ ਇਹ ਦੱਸਿਆ ਕਿ ਉਪਰੋਕਤ ਮੁਲਜ਼ਮ ਏਐਸਆਈ ਨੇ ਇਹ ਰਿਸ਼ਵਤ ਆਪਣੇ ਦੋ ਨਿੱਜੀ ਵਿਚੋਲਿਆਂ ਰਾਮਿੰਦਰਪਾਲ ਸਿੰਘ ਪ੍ਰਿੰਸ ਅਤੇ ਜਿਲਾ ਕਪੂਰਥਲਾ ਦੇ ਨਵਾਂ ਪਿੰਡ ਗੇਟਵਾਲਾ ਨਿਵਾਸੀ ਪਵਨ ਕੁਮਾਰ ਰਾਹੀਂ ਹਾਸਲ ਕੀਤੀ ਸੀ।

ਉਨ੍ਹਾਂ ਅੱਗੇ ਇਹ ਵੀ ਦੋਸ਼ ਲਾਇਆ ਕਿ ਉਪਰੋਕਤ ਮੁਲਜ਼ਮ ਪਵਨ ਕੁਮਾਰ ਨੇ ਉਕਤ ਦੋਸ਼ੀ ਏਐਸਆਈ ਨੂੰ ਦੇਣ ਲਈ ਉਸ ਤੋਂ 3 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਤੋਂ 1.50 ਲੱਖ ਰੁਪਏ ਲਏ ਸਨ। ਇਸ ਕੁੱਲ 17 ਲੱਖ ਰੁਪਏ ਦੀ ਰਿਸ਼ਵਤ ਵਿੱਚੋਂ ਰਾਮਿੰਦਰਪਾਲ ਸਿੰਘ ਪ੍ਰਿੰਸ ਨੇ 2 ਲੱਖ ਰੁਪਏ ਹਾਸਲ ਕੀਤੇ ਸਨ। ਇੰਨਾਂ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਉਪਰੋਕਤ ਤਿੰਨੇ ਮੁਲਜ਼ਮਾਂ ਦੇ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਮੁਲਜ਼ਮ ਇੰਦਰਜੀਤ ਸਿੰਘ, ਪਵਨ ਕੁਮਾਰ ਅਤੇ ਰਾਮਿੰਦਰਪਾਲ ਸਿੰਘ ਸ਼ਾਮਲ ਹਨ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਐਸਏਐਸ ਨਗਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Exit mobile version