June 30, 2024 8:34 pm
Ashwini Sharma

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਲਈ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਚੰਡੀਗੜ੍ਹ 04 ਨਵੰਬਰ 2022: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਸ਼ਰੇਆਮ ਕੀਤੀ ਗਈ ਹੱਤਿਆ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਲਈ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕਈ ਦਿੱਗਜ ਲੋਕਾਂ ਦਾ ਸ਼ਰੇਆਮ ਕਤਲ ਹੋ ਚੁੱਕਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ‘ਆਪ’ ਸਰਕਾਰ ਬਣੀ ਹੈ, ਪੰਜਾਬ ‘ਚ ਕਾਨੂੰਨ-ਵਿਵਸਥਾ ਦਾ ਨਾਮੋ-ਨਿਸ਼ਾਨ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਦੇਸ਼ ਵਿਰੋਧੀ ਤਾਕਤਾਂ ਅਤੇ ਖਾਲਿਸਤਾਨ ਦੇ ਸਮਰਥਕਾਂ ਦੀਆਂ ਗਤੀਵਿਧੀਆਂ ਵਿੱਚ ਬਹੁਤ ਵਾਧਾ ਹੋਇਆ ਹੈ। ਭਗਵੰਤ ਮਾਨ ਪੰਜਾਬ ਦੀ ਸੱਤਾ ਚਲਾਉਣ ‘ਚ ਅਸਫਲ ਰਹੇ ਹਨ।

ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਮਿਲ ਕੇ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ‘ਤੇ ਤੁਲੇ ਹੋਏ ਹਨ। ਭਗਵੰਤ ਮਾਨ ਸਰਕਾਰ ਦੇ 7 ਮਹੀਨਿਆਂ ਦੇ ਰਾਜ ਦੌਰਾਨ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਸਰਕਾਰ ਜਾਂ ਪੁਲਿਸ-ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ। ਪੁਲਿਸ-ਪ੍ਰਸ਼ਾਸਨ ਦੀ ਨੱਕ ਹੇਠ ਗੈਂਗਸਟਰ ਅਤੇ ਅਪਰਾਧੀ ਹਰ ਰੋਜ਼ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੱਬ ਦੇ ਭਰੋਸੇ ਛੱਡ ਕੇ ਦੂਜੇ ਰਾਜਾਂ ਵਿੱਚ ਸੈਰ ਵਿੱਚ ਰੁੱਝੇ ਹੋਏ ਹਨ। ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਤਲ ਨਾ ਹੁੰਦਾ ਹੋਵੇ। ਸ਼ਿਵ ਸੈਨਾ ਆਗੂ ਸੁਧੀਰ ਸੂਰੀ ਅੰਮ੍ਰਿਤਸਰ ਦੇ ਸਥਾਨਕ ਗੋਪਾਲ ਮੰਦਿਰ ਨੇੜੇ ਪ੍ਰਦਰਸ਼ਨ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਹੁਣ ਤਾਂ ਆਮ ਲੋਕ ਵੀ ਸਰਕਾਰ ਜਾਂ ਪੁਲਿਸ-ਪ੍ਰਸ਼ਾਸ਼ਨ ਵਿਰੁੱਧ ਆਵਾਜ਼ ਚੁੱਕਣ ਅਤੇ ਧਰਨੇ-ਪ੍ਰਦਰਸ਼ਨਾਂ ਕਰਨ ਤੋਂ ਵੀ ਡਰਣਗੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੀ ਜਨਤਾ ਨੂੰ ‘ਰੰਗਲਾ ਪੰਜਾਬ’ ਦੇਣ ਦਾ ਝੂਠਾ ਵਾਅਦਾ ਕਰਕੇ ਸੱਤਾ ‘ਚ ਆਏ ਸਨ, ਪਰ ਜਦੋਂ ਤੋਂ ਉਨ੍ਹਾਂ ਨੇ ਸੱਤਾ ਸੰਭਾਲੀ ਹੈ, ਉਦੋਂ ‘ਤੋਂ ‘ਰੰਗਲਾ ਪੰਜਾਬ’ ਤਾਂ ਨਹੀਂ, ਪਰ ਪੰਜਾਬ ਦੇ ਲੋਕਾਂ ਨੂੰ ‘ਦੰਗਲਾ ਅਤੇ ਖੂਨੀ ਪੰਜਾਬ’ ਦਿੱਤਾ ਹੈ। ਪੰਜਾਬ ਵਿੱਚ ਬੇਲਗਾਮ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਰੋਜ਼ਾਨਾ ਕਤਲ, ਡਕੈਤੀਆਂ, ਲੁੱਟਾਂ-ਖੋਹਾਂ, ਗੋਲੀਬਾਰੀ ਆਦਿ ਦੀਆਂ ਘਟਨਾਵਾਂ ਨੂੰ ਪੁਲਿਸ ਦੀ ਨੱਕ ਹੇਠਾਂ ਅੰਜਾਮ ਦਿੱਤਾ ਜਾ ਰਿਹਾ ਹੈ।

ਪਹਿਲਾਂ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਮੇਤ ਚਾਰ ਹੋਰ ਕਬੱਡੀ ਖਿਡਾਰੀਆਂ ਦਾ ਕਤਲ, ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ, ਫਿਰ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਪੁਲਿਸ ਦੇ ਸਾਹਮਣੇ ਸ਼ਰੇਆਮ ਗੋਲੀਆਂ ਚਲਾ ਕੇ ਇੱਕ ਨੌਜਵਾਨ ਦਾ ਕਤਲ ਅਤੇ ਅੱਜ ਫਿਰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਸਰੇਆਮ ਕਤਲ ਕਰ ਦਿੱਤਾ ਗਿਆ। ਭਗਵੰਤ ਮਾਨ ਅਜੇ ਵੀ ਅਖਬਾਰਾਂ ਵਿਚ ‘ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ’ ਦਾ ਬਿਆਨ ਦੇ ਕੇ ਆਪਣਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਖੁਦ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਰਬੜ ਸਟੈਂਪ ਬਣ ਕੇ ਕੰਮ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਦੇਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਪੰਜਾਬ ਵਿੱਚ ਅਪਰਾਧੀ ਅਤੇ ਗੈਂਗਸਟਰ ਨਿਡਰ ਹੋ ਕੇ ਅਪਰਾਧ ਕਰ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਏਨਾ ਬੁਰਾ ਹਾਲ ਤਾਂ ਪਿਛਲੀ ਸਰਕਾਰ ਵੇਲੇ ਵੀ ਨਹੀਂ ਸੀ। ਹੁਣ ਲੋਕਾਂ ਵਿੱਚ ਇੰਨੀ ਦਹਿਸ਼ਤ ਫੈਲ ਗਈ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਸਵੇਰੇ ਘਰੋਂ ਬਾਹਰ ਨਿਕਲਦਾ ਹੈ ਤਾਂ ਉਹ ਦਿਨ ਵਿੱਚ ਦਸ ਵਾਰ ਫੋਨ ਕਰਕੇ ਉਸ ਦਾ ਹਾਲ-ਚਾਲ ਪੁਛਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਵੱਲ ਤੇਜ਼ੀ ਨਾਲ ਵਧ ਰਹੇ ਹਨ, ਜਿਸ ਦੇ ਸਿੱਟੇ ਪੰਜਾਬ ਲਈ ਬਹੁਤ ਭਿਆਨਕ ਨਜ਼ਰ ਆ ਰਹੇ ਹਨ।