Site icon TheUnmute.com

ਆਸ਼ਾ ਵਰਕਰਾਂ ਨੂੰ ਵਾਤਾਵਰਣ ਬਚਾਉਣ ਲਈ ਕੀਤਾ ਜਾਗਰੂਕ, ਵੱਧ ਤੋਂ ਵੱਧ ਰੁੱਖ ਲਗਾਉਣ ਦੀ ਕੀਤੀ ਅਪੀਲ

ਵਾਤਾਵਰਣ

ਐਸ.ਏ.ਐਸ.ਨਗਰ, 16 ਸਤੰਬਰ 2023 : ‘ਇੰਟਰਨੈਸ਼ਨਲ ਡੇਅ ਆਫ਼ ਕਲੀਨ ਏਅਰ ਫ਼ਾਰ ਬਲੂ ਸਕਾਈਜ਼’ ਦੇ ਸਬੰਧ ’ਚ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਆਸ਼ਾ ਵਰਕਰਾਂ ਨੂੰ ਵਾਤਾਵਰਣ ਬਚਾਉਣ ਲਈ ਜਾਗਰੂਕ ਕੀਤਾ ਗਿਆ। ਐਸ.ਐਮ.ਓ. ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਅਰੁਣ ਬਾਂਸਲ ਨੇ ਕਿਹਾ ਕਿ ਕਿ ਬੀਮਾਰੀਆਂ ਤੋਂ ਮੁਕਤੀ ਹਾਸਲ ਕਰਨ ਲਈ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਜੇ ਸਾਡਾ ਵਾਤਾਵਰਣ ਠੀਕ ਰਹੇਗਾ ਤਾਂ ਯਕੀਨਨ ਸਿਹਤ ਵੀ ਚੰਗੀ ਰਹੇਗੀ ਕਿਉਂਕਿ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਣ ਸਾਡੀ ਚੰਗੀ ਸਿਹਤ ਨਾਲ ਜੁੜਿਆ ਹੈ। ਵਾਤਾਵਰਣ ਤਬਦੀਲੀ ਦਾ ਬਨਸਪਤੀ ਤੋਂ ਇਲਾਵਾ ਮਨੁੱਖੀ ਸਿਹਤ ਉਤੇ ਵੀ ਡਾਢਾ ਅਸਰ ਪੈ ਰਿਹਾ ਹੈ ਪਰ ਅਸੀਂ ਕੁਝ ਸਾਵਧਾਨੀਆਂ ਵਰਤ ਕੇ ਅਪਣੀ ਸਿਹਤ ਉਤੇ ਪੈਣ ਵਾਲੇ ਇਸ ਅਸਰ ਨੂੰ ਕਾਫ਼ੀ ਹੱਦ ਤਕ ਘਟਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਅਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ, ਹਰ ਥਾਂ ਸਾਫ਼-ਸਫ਼ਾਈ ਰੱਖਣ, ਘੱਟ ਪਾਣੀ ਦੀ ਵਰਤੋਂ, ਊਰਜਾ-ਕੁਸ਼ਲ ਉਪਕਰਣਾਂ ਦੀ ਵਰਤੋਂ, ਪਲਾਸਟਿਕ ਦੀ ਵਰਤੋਂ ਘਟਾਉਣ, ਊਰਜਾ ਅਤੇ ਪਾਣੀ ਦੀ ਸੰਭਾਲ ਦੇ ਤਰੀਕਿਆਂ ਦੀ ਪਾਲਣਾ ਆਦਿ ਜਿਹੇ ਉਪਰਾਲਿਆਂ ਨਾਲ ਅਸੀਂ ਸਾਰੇ ਮਿਲ-ਜੁਲ ਕੇ ਵਾਤਾਵਰਣ ਨੂੰ ਸੰਭਾਲਣ ’ਚ ਜ਼ਿਕਰਯੋਗ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਜਿੰਨਾ ਹੋ ਸਕੇ, ਪੈਦਲ ਤੁਰਨਾ ਚਾਹੀਦਾ ਹੈ। ਇਸ ਮੌਕੇ ਬੀ.ਈ.ਈ. ਬਲਜਿੰਦਰ ਸੈਣੀ, ਐਸ.ਆਈ. ਗੁਰਤੇਜ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

Exit mobile version