ਚੰਡੀਗੜ੍ਹ, 06 ਸਤੰਬਰ 2024: ਹਰਿਆਣਾ ਵਿਧਾਨ ਸਭਾ ਚੋਣਾਂ 2024 ਦੇ ਵਿਚਾਲੇ ਬੀਬੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਅਤੇ ਬਜਰੰਗ ਪੂਨੀਆ ਨਵੀਂ ਦਿੱਲੀ ਵਿਖੇ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਮਲਿਕਾਅਰਜੁਨ ਖੜਗੇ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਕਾਂਗਰਸੀ ਆਗੂਆਂ ਦਾ ਧੰਨਵਾਦ ਕਰਾਂਗੇ ਜੋ ਔਖੇ ਸਮੇਂ ਵਿੱਚ ਸਾਡੇ ਨਾਲ ਖੜ੍ਹੇ ਰਹੇ।
ਵਿਨੇਸ਼ ਫੋਗਾਟ (Vinesh Phogat) ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੀ ਹਾਂ। ਜਦੋਂ ਸਾਨੂੰ ਸੜਕ ‘ਤੇ ਘਸੀਟਿਆ ਜਾ ਰਿਹਾ ਸੀ ਤਾਂ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਸਾਡੇ ਨਾਲ ਸਨ। ਕਾਂਗਰਸ ‘ਚ ਸ਼ਾਮਲ ਹੋਣ ‘ਤੇ ਵਿਨੇਸ਼ ਫੋਗਾਟ ਨੇ ਕਿਹਾ ਕਿ ਮੈਂ ਦੇਸ਼ ਦੀਆਂ ਧੀਆਂ ਲਈ ਆਵਾਜ਼ ਬੁਲੰਦ ਕਰਾਂਗੀ।
ਵਿਨੇਸ਼ ਫੋਗਾਟ ਨੇ ਕਿਹਾ ਕਿ ਲੜਾਈ ਜਾਰੀ ਹੈ, ਅਜੇ ਖਤਮ ਨਹੀਂ ਹੋਈ। ਮਾਮਲਾ ਅਜੇ ਅਦਾਲਤ ‘ਚ ਹੈ, ਅਸੀਂ ਉਹ ਲੜਾਈ ਵੀ ਜਿੱਤਾਂਗੇ। ਅੱਜ ਸਾਨੂੰ ਜੋ ਨਵਾਂ ਪਲੇਟਫਾਰਮ ਮਿਲ ਰਿਹਾ ਹੈ, ਅਸੀਂ ਦੇਸ਼ ਦੀ ਸੇਵਾ ਲਈ ਕੰਮ ਕਰਾਂਗੇ, ਜਿਸ ਤਰ੍ਹਾਂ ਅਸੀਂ ਆਪਣੀ ਖੇਡ ਨੂੰ ਦਿਲ ਨਾਲ ਖੇਡਿਆ, ਅਸੀਂ ਆਪਣੇ ਲੋਕਾਂ ਲਈ ਕੰਮ ਕਰਨ ਲਈ ਆਪਣੀ ਪੂਰੀ ਵਾਹ ਲਾ ਦਿਆਂਗੇ।