ਚੰਡੀਗੜ੍ਹ 12 ਮਈ 2023: ਅਮਰੀਕਾ ‘ਚ ਕਰੋਨਾ ਕਾਰਨ ਚੱਲੀ ਆ ਰਹੀ ਟਾਈਟਲ-42 (Title 42) ਨੀਤੀ ਜੋ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਧੱਕੇ ਨਾਲ ਰੋਕਣ ਜਾਂ ਕੱਢਣ ਦੀ ਵਿਵਸਥਾ ਕਰਦੀ ਹੈ, ਇਸਦੇ ਖ਼ਤਮ ਹੋਣ ਨਾਲ ਮੈਕਸੀਕੋ ਬਾਰਡਰ ਤੋ ਅਮਰੀਕਾ’ਚ ਟੱਪਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜਾਨ ਦਾ ਰਿਸਕ ਲੈ ਰਹੇ ਹਨ। ਟਾਈਟਲ-42 ਦਾ ਸੰਬੰਧ ਅਸਲ ‘ਚ ਅਮਰੀਕਾ ਦੇ 1944 ਜਨਤਕ ਸਿਹਤ ਕਾਨੂੰਨ ਨਾਲ ਜੁੜਦਾ ਹੈ, ਜੋ ਮਹਾਂਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਅਮਰੀਕੀ ਸਰਕਾਰ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ।ਇਸੇ ਦੇ ਬਹਾਨੇ ਅਮਰੀਕਾ ਨੇ ਤਿੰਨ ਸਾਲ ਲੱਖਾਂ ਬੰਦੇ ਮੈਕਸੀਕੋ ਬਾਰਡਰ ਤੋਂ ਟੱਪਣ ਨਾ ਦਿੱਤੇ।
Photos Courtesy: The Washington Post
ਅਮਰੀਕਾ ਤੇ ਮੈਕਸੀਕੋ ਦਾ ਬਾਰਡਰ 1951 ਮੀਲ (3140 ਕਿਲੋਮੀਟਰ) ਲੰਮਾ ਹੈ,ਜਿਸ ਰਾਹੀਂ ਲੱਖਾਂ ਲੋਕ ਮੈਕਸੀਕੋ ਤੋਂ ਡੌਂਕੀ ਲਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਟੱਪਦੇ ਰਹੇ ਹਨ।ਟਰੰਪ ਨੇ ਆਪਣੀ ਚੋਣ ਮੁਹਿੰਮ ‘ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਜਿੱਤਦਾ ਹਾਂ ਤਾਂ ਇੱਕ ਕੰਧ ਕੱਢ ਕੇ ਹੀ ਇਸਦਾ ਸਿਆਪਾ ਨਿਬੇੜ ਦੇਵਾਂਗਾ ਤੇ ਸਾਰਾ ਖ਼ਰਚਾ ਮੈਕਸੀਕੋ ਤੋਂ ਲਵਾਂਗੇ!ਮੈਕਸੀਕੋ ਅਮਰੀਕਾ ਨੂੰ ਕਹਿੰਦਾ ‘ਛੱਡਿਆ ਕਰੋ ਆਹ ਗੱਲਾਂ!’
ਖੈਰ ਟਰੰਪ ਜਿੱਤਿਆ ਵੀ ਤੇ ਉਸਨੇ ਵਾਅਦਾ ਨਿਭਾਉਂਦਿਆਂ 458 ਮੀਲ (724 ਕਿਲੋਮੀਟਰ) ਲੰਮੀ ਕੰਧ ਦਾ ਅਰਲਾਕੋਟ ਗੱਡਿਆ ਵੀ ਜੋ ‘Trump Wall’ ਦੇ ਨਾਮ ਨਾਲ ਮਸ਼ਹੂਰ ਹੋਈ।ਇਸ ਚੋਂ 15 ਮੀਲ(24 ਕਿਲੋਮੀਟਰ)ਤਾਂ ਉਹ ਥਾਂ ਸੀ ਜਿੱਥੇ ਤਾਰ ਵੀ ਨਹੀਂ ਸੀ। ਜੋ ਬਾਈਡਨ ਨੇ ਜਨਵਰੀ 2022’ਚ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਸਾਰ ਤੇਸੀਆਂ ਕਰੰਡੀਆਂ ਰੋਕ ਬਣਦੀ ਕੰਧ ਦਾ ਕੰਮ ਬੰਦ ਕਰਵਾ ਦਿੱਤਾ। ਕੰਧ ਤੋਂ ਬਿਨਾਂ ਡੌਂਕੀ ਲਾਉਣ ਵਾਲਿਆਂ ਦੀ ਸਭ ਤੋਂ ਵੱਡੀ ਦੁਸ਼ਮਣ Rio Grande ਨਦੀ ਹੈ,ਜੋ ਆਪਣੀ 1896 ਮੀਲ ਦੀ ਕੁੱਲ ਦੂਰੀ ਚੋਂ 1255 ਮੀਲ ਲੰਮਾ ‘ਅਮਰੀਕਾ ਮੈਕਸੀਕੋ’ ਬਾਰਡਰ ਬਣਾਉਂਦੀ ਹੈ।
Photos Courtesy: The Washington Post
ਸੋ ਉਪਰੋਕਤ ਫੋਟੋਆਂ ਚ ਵੀ ਇਸ ਨਦੀ ਦੀ ਦਲਦਲ ਚੋਂ ਲੋਕ ਲੰਘਦੇ ਨਜ਼ਰ ਆ ਰਹੇ ਹਨ।ਕੁਝ ਤਾਂ ਛੋਟੇ ਬੱਚਿਆਂ ਨਾਲ ਵੀ ਦਿਖ ਰਹੇ ਹਨ।ਇਹ ਗੈਰ-ਕਾਨੂੰਨੀ ਪ੍ਰਵਾਸੀ ਇਕੱਲੇ ਮੈਕਸੀਕੋ ਦੇ ਹੀ ਨਹੀਂ ਹਨ,ਸਗੋਂ ਵੈਂਜੂਏਲਾ ਸਮੇਤ ਪੂਰੇ ਲੈਟਿਨ ਅਮਰੀਕਾ ਤੇ ਦੁਨੀਆ ਭਰ ‘ਚੋਂ ਹਨ। ਇਸ ਦਿਸ਼ਾ ‘ਚ ਕੰਡਿਆਲੀ ਤਾਰ ਇੱਕ ਹੋਰ ਚੁਣੌਤੀ ਹੈ।
ਲੋਕ ਦੋਵੇਂ ਚੁਣੌਤੀਆਂ ਸਰ ਕਰ ਜਾਨ ਬਚਾ ਕੇ ਯੂਐੱਸ ਬਾਰਡਰ ਪੈਟਰੋਲ ਪੁਲਿਸ ਕੋਲ ਸਰੈਂਡਰ ਕਰਨਾ ਵੀ ਆਪਣੀ ਖ਼ੁਸ਼ਕਿਸਮਤ ਪ੍ਰਾਪਤੀ ਸਮਝਦੇ ਹਨ ਤੇ ਉਹਨਾਂ ਦੀ ਉਮੀਦ ਬੱਝ ਜਾਂਦੀ ਹੈ ਕਿ ਉਹ asylum ਮੰਗ ਕੇ ਪੱਕੇ ਹੋ ਜਾਣਗੇ, ਹਾਲਾਂਕਿ ਕੁਝ ਵੀ ਤੈਅ ਨਹੀਂ ਹੁੰਦਾ ਕਿ ਉਹ ਕਿੰਨੇ ਸਾਲਾਂ ਬਾਅਦ ਛੁੱਟਣਗੇ | ਹਾਲਾਂਕਿ ਬਾਈਡਨ ਨੇ ਕਿਹਾ ਕਿ ਅਸੀਂ Title 42 ਖ਼ਤਮ ਕੀਤਾ ਹੈ ਨਾ ਕਿ ਬਾਰਡਰ ਖੋਲ੍ਹਿਆ ਹੈ,ਸੋ ਸੋਚ ਸਮਝ ਕੇ ਆਇਓ | ਜ਼ੁਰਮਾਨੇ ਵੀ ਹੋਣਗੇ ਤੇ ਸ਼ਜਾਵਾਂ ਵੀ |