ਚੰਡੀਗੜ੍ਹ 22 ਮਾਰਚ 2022: ਕੱਲ੍ਹ ਯਾਨੀ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹੀਦੀ ਦਿਹਾੜਾ ਹੈ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਅੱਜ ਵਿਦਿਆਰਥੀਆਂ ਲਈ ਇਕ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਥਿਆਰਬੰਦ ਫੋਰਸ ਲਈ ਤਿਆਰ ਕਰਨ ਵਾਸਤੇ ਦਿੱਲੀ ਸਰਕਾਰ ਦੇ ਆਗਾਮੀ ਸਕੂਲ ਦਾ ਨਾਂ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸਕੂਲ ਦਾ ਨਾਂ ‘ਸ਼ਹੀਦ ਭਗਤ ਸਿੰਘ ਆਰਮਡ ਫੋਰਸਿਜ਼ ਪ੍ਰਿਪਰੇਟਰੀ ਸਕੂਲ’ ਹੋਵੇਗਾ।
ਦਸਿਆ ਜਾ ਰਿਹਾ ਹੈ ਕਿ ਇਹ ਸਕੂਲ ਝਾੜੌਦਾ ਕਲਾਂ ’ਚ ਆਧੁਨਿਕ ਸਹੂਲਤਾਂ ਨਾਲ ਲੈਸ 14 ਏਕੜ ਭੂ-ਭਾਗ ’ਚ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ 20 ਦਸੰਬਰ 2021 ਨੂੰ ਅਸੀਂ ਐਲਾਨ ਕੀਤਾ ਸੀ ਕਿ ਦਿੱਲੀ ’ਚ ਅਜਿਹਾ ਸਕੂਲ ਹੋਵੇਗਾ, ਜਿੱਥੇ ਹਥਿਆਰਬੰਦ ਸੈਨਾਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਵੇਗਾ। ਇਸ ‘ਚ ਫ਼ੌਜ ’ਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਕਿ ਉਹ ਜਲ ਸੈਨਾ, ਏਅਰ ਫੋਰਸ ’ਚ ਭਰਤੀ ਹੋ ਸਕਣ। ਕੇਜਰੀਵਾਲ ਮੁਤਾਬਕ ਇਸ ਸੈਨਿਕ ਸਕੂਲ ਨੂੰ ਸ਼ੁਰੂ ਕਰਨਾ ਦਿੱਲੀ ਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਾ ਹੈ।
ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਸ ਸੈਨਿਕ ਸਕੂਲ ’ਚ ਸੇਵਾ ਮੁਕਤ ਆਰਮੀ ਅਫ਼ਸਰ, ਜਲ ਸੈਨਾ ਅਤੇ ਹਵਾਈ ਫ਼ੌਜ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਖ਼ਾਸ ਗੱਲ ਇਹ ਹੈ ਕਿ ਇਹ ਸਕੂਲ ਪੂਰੀ ਤਰ੍ਹਾਂ ਨਾਲ ਫਰੀ ਹੋਵੇਗਾ, ਜਿਨ੍ਹੇ ਵੀ ਬੱਚੇ ਇਸ ’ਚ ਦਾਖ਼ਲਾ ਲੈਣਗੇ, ਉਹ ਉੱਥੇ ਹੀ ਹੋਸਟਲ ’ਚ ਰਹਿਣਾ ਹੋਵੇਗਾ। ਕੁੜੀਆਂ ਅਤੇ ਮੁੰਡਿਆਂ ਦਾ ਵੱਖਰਾ-ਵੱਖਰਾ ਹੋਸਟਲ ਹੋਵੇਗਾ। ਇਹ ਸਕੂਲ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਸਕੂਲ ’ਚ ਦਿੱਲੀ ’ਚ ਰਹਿਣ ਵਾਲਾ ਕੋਈ ਵੀ ਬੱਚਾ ਦਾਖ਼ਲਾ ਲੈ ਸਕਦਾ ਹੈ। ਸਕੂਲ ’ਚ 9ਵੀਂ ਅਤੇ 11ਵੀਂ ਜਮਾਤ ’ਚ ਦਾਖ਼ਲਾ ਹੋਵੇਗਾ। ਦੋਹਾਂ ਜਮਾਤਾਂ ’ਚ 100-100 ਸੀਟਾਂ ਹੋਣਗੀਆਂ। 27 ਮਾਰਚ ਨੂੰ 9ਵੀ ਜਮਾਤ ’ਚ ਦਾਖ਼ਲੇ ਲਈ ਇਸ ਦੇ ਟੈਸਟ ਹੋ ਰਹੇ ਹਨ ਅਤੇ 28 ਮਾਰਚ ਨੂੰ 11ਵੀਂ ਜਮਾਤ ਲਈ ਟੈਸਟ ਹੋਣਗੇ।